ਐਨਪੀ ਧਵਨ
ਪਠਾਨਕੋਟ, 1 ਅਪਰੈਲ
ਸ਼ਾਹਪੁਰਕੰਡੀ ਡੈਮ (ਬੈਰਾਜ) ਪ੍ਰਾਜੈਕਟ ਵਿੱਚ ਨੌਕਰੀਆਂ ਨਾ ਮਿਲਣ ਦੇ ਰੋਸ ਵੱਜੋਂ ਮੁੱਖ ਇੰਜਨੀਅਰ ਦਫ਼ਤਰ ਅੱਗੇ ਬਣੇ ਬੀਐੱਸਐੱਨਐੱਲ ਦੇ 150 ਫੁਟ ਉੱਚੇ ਟਾਵਰ ’ਤੇ ਚੜ੍ਹੇ ਆਊਸਟੀ ਪਰਿਵਾਰਾਂ ਦੇ ਦੋ ਬਜ਼ੁਰਗ ਸ਼ਰਮ ਸਿੰਘ (87) ਤੇ ਕੁਲਵਿੰਦਰ ਸਿੰਘ (70) ਸਾਰੀ ਰਾਤ ਤੇ ਅੱਜ ਦਾ ਪੂਰਾ ਦਿਨ ਉਪਰ ਹੀ ਰਹੇ।
ਦੇਰ ਸ਼ਾਮ ਨੂੰ ਪ੍ਰਸ਼ਾਸਨ ਵੱਲੋਂ ਪਠਾਨਕੋਟ ਦੇ ਤਹਿਸੀਲਦਾਰ-ਕਮ-ਜ਼ਿਲ੍ਹਾ ਰੈਵੇਨਿਊ ਅਫ਼ਸਰ ਅਰਵਿੰਦ ਕਾਲਰਾ ਮੌਕੇ ’ਤੇ ਪੁੱਜੇ ਅਤੇ ਉਥੇ ਪਿਛਲੇ 71 ਦਿਨਾਂ ਤੋਂ ਧਰਨਾ ਦੇ ਰਹੇ ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ। ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਦੀ ਉਨ੍ਹਾਂ ਟੈਲੀਫੋਨ ਤੇ ਧਾਰਕਲਾਂ ਦੀ ਐੱਸਡੀਐੱਮ ਨਿਧੀ ਕਲੋਤਰਾ ਨਾਲ ਵੀ ਗੱਲਬਾਤ ਕਰਵਾਈ ਪਰ ਪ੍ਰਸ਼ਾਸਨ ਵੱਲੋਂ ਪੇਸ਼ ਕੀਤੀ ਗਈ ਪੇਸ਼ਕਸ਼ ਨੂੰ ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਰੱਦ ਕਰ ਦਿੱਤਾ। ਇਸ ਤਰ੍ਹਾਂ ਨਾਲ ਅਜੇ ਤੱਕ ਗਤੀਰੋਧ ਬਣਿਆ ਹੋਇਆ ਹੈ ਤੇ ਦੋਵੇਂ ਬਜ਼ੁਰਗ ਟਾਵਰ ’ਤੇ ਹੀ ਚੜ੍ਹੇ ਹੋਏ ਹਨ, ਜਦਕਿ ਸੰਘਰਸ਼ ਕਮੇਟੀ ਦੇ ਆਗੂ ਉਥੇ ਨੇੜੇ ਹੀ ਮੁੱਖ ਇੰਜਨੀਅਰ ਦੇ ਦਫਤਰ ਮੂਹਰੇ ਧਰਨੇ ’ਤੇ ਬੈਠੇ ਹਨ। ਰੈਵੇਨਿਊ ਅਫ਼ਸਰ ਨੇ ਪੇਸ਼ਕਸ਼ ਕੀਤੀ ਸੀ ਕਿ ਆਊਸਟੀ ਕੋਟੇ ਵਿੱਚੋਂ ਨੌਕਰੀਆਂ ਦੇਣ ਲਈ ਮੁੱਖ ਇੰਜਨੀਅਰ ਰਣਜੀਤ ਸਾਗਰ ਡੈਮ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਜਾਵੇਗੀ, ਜੋ ਪਹਿਲੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਦੀ ਰਿਪੋਰਟ ਦਾ ਰੀਵਿਊ ਕਰੇਗੀ ਤੇ ਹੋਰ ਵੀ ਅਧਿਐਨ ਕਰੇਗੀ। ਉਸ ਤੋਂ ਬਾਅਦ ਉਕਤ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਕੋਲ ਕੇਸ ਭੇਜਿਆ ਜਾਵੇਗਾ। ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਦਾ ਕਹਿਣਾ ਸੀ ਕਿ ਉਹ ਇਸ ਗੱਲ ’ਤੇ ਅੜੇ ਹੋਏ ਹਨ ਕਿ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਕੋਲ ਕੇਸ ਭੇਜ ਦਿੱਤਾ ਜਾਵੇ ਤੇ ਜਿਉਂ ਹੀ ਕੇਸ ਭੇਜਿਆ ਜਾਵੇਗਾ। ਉਸੇ ਵੇਲੇ ਉਹ ਦੋਹਾਂ ਬਜ਼ੁਰਗਾਂ ਨੂੰ ਟਾਵਰ ਤੋਂ ਹੇਠਾਂ ਉਤਰਨ ਲਈ ਮਨਾ ਲੈਣਗੇ।