ਪੱਤਰ ਪ੍ਰੇਰਕ
ਸ਼ਾਹਕੋਟ, 28 ਅਪਰੈਲ
ਹਥਿਆਰਬੰਦ ਲੁਟੇਰਿਆਂ ਨੇ ਦੁਕਾਨਦਾਰ ਉੱਪਰ ਹਮਲਾ ਕਰਕੇ ਉਸ ਕੋਲੋਂ 45 ਹਜ਼ਾਰ ਰੁਪਏ ਲੁੱਟ ਲਏ। ਇਸੇ ਤਰ੍ਹਾਂ ਸਥਾਨਿਕ ਕਸਬੇ ’ਚ ਕਿਰਾਏਦਾਰ ਦੇ ਘਰ ’ਚੋਂ 10 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਚੋਰੀ ਹੋ ਗਿਆ।
ਸੁਭਾਸ਼ ਚੰਦਰ ਪੁੱਤਰ ਰਾਮ ਜੀ ਦਾਸ ਵਾਸੀ ਸਾਂਦ ਨੇ ਦੱਸਿਆ ਕਿ ਉਹ ਦੁਕਾਨ ਦਾ ਸਾਮਾਨ ਅਤੇ ਬੈਂਕ ਵਿਚੋਂ ਕਢਵਾਏ 45 ਹਜ਼ਾਰ ਰੁਪਏ ਲੈ ਕੇ ਆਪਣੇ ਮੋਟਰਸਾਈਕਲ ਨੰਬਰ ਪੀ ਬੀ 08 ਸੀ ਪੀ 6533 ਉੱਪਰ ਪਿੰਡ ਨੂੰ ਜਾ ਰਿਹਾ ਸੀ। ਜਿਉਂ ਹੀ ਉਹ ਪਿੰਡ ਦੇ ਨਜ਼ਦੀਕ ਪੁੱਜਾ ਤਾਂ ਮੋਟਰਸਾਈਕਲ ਸਵਾਰ ਤਿੰਨ ਹਥਿਆਰਬੰਦ ਲੁਟੇਰੇ ਉਸ ਉੱਪਰ ਹਮਲਾ ਕਰਕੇ 45 ਹਾਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸੇ ਤਰ੍ਹਾਂ ਚਰਨ ਸਿੰਘ ਪੁੱਤਰ ਰਾਜਿੰਦਰ ਕੁਮਾਰ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਨੇ ਦੱਸਿਆ ਕਿ ਉਹ ਇੱਥੇ ਕਿਰਾਏ ਦੇ ਮਕਾਨ ’ਤੇ ਰਹਿ ਰਿਹਾ ਹੈ। ਗੋਲ ਗੱਪਿਆਂ ਦੀ ਰੇਹੜੀ ਲਗਾ ਕੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿਚੋਂ ਕੋਈ ਉਸ ਦਾ ਮੋਬਾਈਲ ਫੋਨ ਤੇ 10 ਹਜ਼ਾਰ ਰੁਪਏ ਨਕਦੀ ਦੀ ਚੋਰੀ ਕਰਕੇ ਲੈ ਗਿਆ। ਪੀੜਤਾਂ ਵੱਲੋਂ ਇੰਨ੍ਹਾਂ ਘਟਨਾਵਾਂ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ ਗਈ ਹੈ।
ਕਾਹਨੂੰਵਾਨ ਇਲਾਕੇ ਦੀਆਂ ਵੱਖ-ਵੱਖ ਦੁਕਾਨਾਂ ਵਿੱਚ ਚੋਰੀਆਂ
ਕਾਹਨੂੰਵਾਨ (ਪੱਤਰ ਪ੍ਰੇਰਕ): ਪੁਲੀਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪੁਲ ਸਠਿਆਲੀ ਉੱਤੇ ਬੀਤੀ ਰਾਤ ਚੋਰਾਂ ਵੱਲੋਂ ਦੁਕਾਨ ਵਿਚੋਂ ਬੈਟਰਾ ਚੋਰੀ ਕਰ ਲਿਆ ਗਿਆ। ਦੁਕਾਨਦਾਰ ਅਭੀ ਮਸੀਹ ਨੇ ਦੱਸਿਆ ਕਿ ਉਹ ਬੁੱਧਵਾਰ ਦੀ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਜਦੋਂ ਉਨ੍ਹਾਂ ਨੇ ਵੀਰਵਾਰ ਦੀ ਸਵੇਰੇ ਵੇਖਿਆ ਤਾਂ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਦੁਕਾਨ ਵਿਚੋਂ ਚੋਰ ਪੰਜ ਸੌ ਰੁਪਏ ਦੀ ਨਕਦੀ ਅਤੇ 5 ਹਜ਼ਾਰ ਦੇ ਕਰੀਬ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ। ਇਸ ਵਾਰਦਾਤ ਸਬੰਧੀ ਥਾਣਾ ਕਾਹਨੂੰਵਾਨ ਨੂੰ ਇਤਲਾਹ ਦੇ ਦਿੱਤੀ ਗਈ। ਇਸੇ ਤਰ੍ਹਾਂ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਸੈਦੋਵਾਲ ਗੁੰਨੋਪੁਰ ਦੇ ਅੱਡੇ ਵਿਚੋਂ ਰਾਤ ਸਮੇਂ ਇਕ ਦੁਕਾਨ ਵਿਚੋਂ ਬੈਟਰਾ ਚੋਰੀ ਕਰ ਲਿਆ ਗਿਆ ਹੈ। ਇਸ ਸਬੰਧੀ ਪੀੜਤ ਔਰਤ ਜਸਬੀਰ ਕੌਰ ਪਤਨੀ ਰਜਵੰਤ ਸਿੰਘ ਵਾਸੀ ਰੰਧਾਵਾ ਕਾਲੋਨੀ ਨੇ ਦੱਸਿਆ ਕਿ ਉਹ ਅੱਡਾ ਸੈਦੋਵਾਲ ਵਿਚ ਬੁਟੀਕ ਟੇਲਰਿੰਗ ਦਾ ਕੰਮ ਕਰਦੀ ਹੈ। ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਅੱਜ ਸਵੇਰ ਨੂੰ ਜਦੋਂ ਦੁਕਾਨ ’ਤੇ ਪਹੁੰਚ ਕੇ ਵੇਖਿਆ ਤਾਂ ਦੁਕਾਨ ’ਚੋਂ ਇਨਵਰਟਰ ਬੈਟਰੀ ਚੋਰੀ ਹੋ ਚੁੱਕੀ ਸੀ। ਇਸ ਸਬੰਧੀ ਥਾਣਾ ਭੈਣੀਆਂ ਮੀਆਂ ਖਾਂ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।