ਤਰਨ ਤਾਰਨ: ਐਤਵਾਰ ਰਾਤ ਨੂੰ ਤਿੰਨ ਹਥਿਆਰਬੰਦ ਲੁਟੇਰੇ ਅਲਾਦੀਨਪੁਰ ਨੇੜੇ ਇੱਕ ਫ਼ਲ ਵਿਕਰੇਤਾ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਗਏ| ਜਾਂਦੇ ਹੋਏ ਲੁਟੇਰੇ ਉਸ ਦਾ ਮੋਬਾਈਲ ਫੋਨ ਖੋਹ ਕੇ ਲੈ ਗਏ| ਰੇਹੜੀ ਚਾਲਕ ਦੀ ਪਛਾਣ ਅਮਰਦੀਪ ਸਿੰਘ (26) ਦੇ ਤੌਰ ’ਤੇ ਕੀਤੀ ਗਈ ਹੈ| ਉਹ ਅਲਾਦੀਨਪੁਰ ਨੇੜੇ ਨੈਸ਼ਨਲ ਹਾਈਵੇ ਨੰਬਰ-54 ਉੱਤੇ ਬਣੇ ਫਲਾਈਓਵਰ ਥੱਲੇ ਫਲਾਂ ਦੀ ਰੇਹੜੀ ਲਗਾਉਂਦਾ ਹੈ| ਐਤਵਾਰ ਰਾਤ ਨੂੰ ਉਹ ਆਪਣੀ ਰੇਹੜੀ ਨੇੜੇ ਖੜ੍ਹਾ ਸੀ| ਅਚਾਨਕ ਉਥੇ ਇੱਕ ਮੋਟਰਸਾਈਕਲ ਉੱਤੇ ਤਿੰਨ ਹਥਿਆਰਬੰਦ ਲੁਟੇਰੇ ਆਏ ਅਤੇ ਸਾਰੀ ਨਕਦੀ ਹਵਾਲੇ ਕਰਨ ਨੂੰ ਕਿਹਾ| ਉਸ ਕੋਲ ਕੁੱਝ ਵੀ ਨਹੀਂ ਸੀ| ਲੁਟੇਰਿਆਂ ਅਮਰਪ੍ਰੀਤ ਸਿੰਘ ਵੱਲ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਜਿਹੜੀ ਉਸ ਦੇ ਸੱਜੇ ਮੋਢੇ ਉੱਤੇ ਲੱਗੀ| ਸਥਾਨਕ ਥਾਣਾ ਸਦਰ ਦੇ ਪੁਲੀਸ ਅਧਿਕਾਰੀ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਦਫ਼ਾ 307, 379-ਬੀ (2), ਅਸਲਾ ਐਕਟ ਦੀ ਧਾਰਾ 25, 27, 54, 59 ਅਧੀਨ ਇਕ ਕੇਸ ਦਰਜ ਕੀਤਾ ਹੈ| -ਪੱਤਰ ਪ੍ਰੇਰਕ