ਪੱਤਰ ਪ੍ਰੇਰਕ
ਤਰਨ ਤਾਰਨ, 11 ਅਕਤੂਬਰ
ਦੋ ਹਥਿਆਰਬੰਦ ਲੁਟੇਰੇ ਤਰਨ ਤਾਰਨ ਸ਼ਹਿਰ ਦੇ ਬਾਹਰਵਾਰ ਸਰਹਾਲੀ ਰੋਡ ’ਤੇ ਸਥਿਤ ‘ਸੱਜਣ ਪਰਟੋ ਵਰਡ ਪੈਟਰੋਲ ਪੰਪ’ ਤੋਂ ਐਤਵਾਰ ਦੀ ਰਾਤ ਵੇਲੇ 40,000 ਰੁਪਏ ਲੁੱਟ ਕੇ ਲੈ ਗਏ| ਰਾਤ ਵੇਲੇ ਪੈਟਰੋਲ ਪੰਪ ਦਾ ਕਰਿੰਦਾ ਵਰਿੰਦਰ ਸਿੰਘ ਅਤੇ ਉਸਦਾ ਸਹਾਇਕ ਪਲਵਿੰਦਰ ਸਿੰਘ ਡਿਉਟੀ ਦੇ ਰਹੇ ਸਨ| ਕਰਿੰਦਿਆਂ ਨੇ ਥਾਣਾ ਸਦਰ ਦੀ ਪੁਲੀਸ ਨੂੰ ਮੌਕੇ ’ਤੇ ਹੀ ਸੂਚਨਾ ਦਿੱਤੀ ਪਰ ਪੁਲੀਸ ਨੇ ਕੇਸ ਬੀਤੇ ਕੱਲ੍ਹ ਸੋਮਵਾਰ ਨੂੰ ਦਰਜ ਕੀਤਾ ਹੈ| ਕਰਿੰਦਿਆਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਮੌਕੇ ’ਤੇ ਆਏ ਇਕ ਲੁਟੇਰੇ ਨੇ ਦੋਨਾਲੀ ਅਤੇ ਦੂਸਰੇ ਨੇ ਹੱਥ ਵਿੱਚ ਪਿਸਤੌਲ ਫੜ੍ਹਿਆ ਹੋਇਆ ਸੀ| ਲੁਟੇਰਿਆਂ ਨੇ ਉਨ੍ਹਾਂ ਦੀ ਮਾਰਕੁੱਟ ਕਰਕੇ ਸਾਰੀ ਦੀ ਸਾਰੀ ਨਕਦੀ ਉਨ੍ਹਾਂ ਦੇ ਹਵਾਲੇ ਕਰ ਦੇਣ ਲਈ ਕਿਹਾ। ਕਰਿੰਦਿਆਂ ਨੇ ਡਰਦੇ ਮਾਰਿਆਂ ਵਟਕ ਦੇ 40,000 ਰੁਪਏ ਉਨ੍ਹਾਂ ਦੇ ਹਵਾਲੇ ਕਰ ਦਿੱਤੇ| ਸਦਰ ਥਾਣਾ ਤੋਂ ਪੁਲੀਸ ਅਧਿਕਾਰੀ ਗੁਰਦਾਸ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਮੌਕੇ ਦਾ ਨਿਰੀਖਣ ਕਰਨ ਮਗਰੋਂ ਦਫ਼ਾ 379- ਬੀ, 34 ਫੌਜਦਾਰੀ, 25, 27, 54, 59 ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।