ਪੱਤਰ ਪ੍ਰੇਰਕ
ਤਰਨ ਤਾਰਨ, 29 ਨਵੰਬਰ
ਇੱਥੇ ਤਰਨ ਤਾਰਨ-ਅੰਮ੍ਰਿਤਸਰ ਸੜਕ ਤੋਂ ਕਰੀਬ 10 ਹਥਿਆਰਬੰਦ ਲੁਟੇਰੇ ਬਾਸਮਤੀ ਦਾ ਭਰਿਆ ਟਰਾਲਾ ਲੁੱਟ ਕੇ ਲੈ ਗਏ| ਇਹ ਘਟਨਾ ਪਿੰਡ ਦੋਬੁਰਜੀ ਦੀ ਪੁਲੀਸ ਚੌਕੀ ਤੋਂ ਕੇਵਲ 50 ਮੀਟਰ ਦੀ ਦੂਰੀ ’ਤੇ ਵਾਪਰੀ। ਪੀੜਤ ਟਰਾਲਾ ਡਰਾਈਵਰ ਰਾਜੂ ਨੇ ਦੱਸਿਆ ਕਿ ਉਹ ਮੁਕਤਸਰ ਤੋਂ 1121 ਬਾਸਮਤੀ ਦੇ 1121 ਗੱਟੇ (ਤੋੜੇ) ਟਰਾਲਾ ਨੰਬਰ ਪੀਬੀ-05 ਆਰ-9325 ਵਿੱਚ ਲੱਦ ਕੇ ਬਾਲਾਚੱਕ ਦੇ ਗੋਦਾਮ ਲਈ ਆ ਰਿਹਾ ਸੀ ਕਿ ਦੋਬੁਰਜੀ ਦੀ ਪੁਲੀਸ ਚੌਕੀ ਨੇੜਿਓਂ ਇੱਕ ਬਿਨਾਂ ਨੰਬਰ ਕੈਂਟਰ ਦੇ ਡਰਾਈਵਰ ਨੇ ਉਸਦੇ ਟਰਾਲਾ ਦੇ ਅੱਗੇ ਕੈਂਟਰ ਖੜ੍ਹਾ ਕਰ ਦਿੱਤਾ| ਉਸਨੇ ਜਿਵੇਂ ਹੀ ਟਰਾਲਾ ਰੋਕਿਆ ਤਾਂ ਕੈਂਟਰ ਵਿੱਚੋਂ ਉਤਰੇ ਅੱਠ ਦੇ ਕਰੀਬ ਹਥਿਆਰਬੰਦ ਲੁਟੇਰਿਆਂ ਉਸਨੂੰ ਪਿਸਤੌਲ ਦਿਖਾ ਕੇ ਉਸ ਦਾ ਟਰਾਲਾ ਖੋਹ ਲਿਆ| ਥਾਣਾ ਸਿਟੀ ਦੀ ਪੁਲੀਸ ਨੇ ਕਾਲਾ ਅਤੇ ਸੋਨੂੰ ਸਮੇਤ 10 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ|