ਗੁਰਬਖ਼ਸ਼ਪੁਰੀ
ਤਰਨ ਤਾਰਨ, 30 ਅਪਰੈਲ
ਬਲੈਕਮੇਲ ਕਰਨ ਵਾਲੀ ਗਰੋਹ ਦੀ ਮੈਂਬਰ ਤੇ ਇਥੇ ਗੁਰੂ ਤੇਗ ਬਹਾਦਰ ਨਗਰ ਦੀ ਵਸਨੀਕ ਵੀਰਾ ਸ਼ਰਮਾ ਨੂੰ ਪੁਲੀਸ ਨੇ ਅੱਜ ਗ੍ਰਿਫਤਾਰ ਕਰ ਲਿਆ| ਪੁਲੀਸ ਦੇ ਨਾਕੇ ਤੋਂ ਉਸ ਦਾ ਵੱਡਾ ਲੜਕਾ ਮੁਨੀਸ਼ ਕਮਾਰ ਫਰਾਰ ਹੋ ਗਿਆ| ਵੀਰਾ ਸ਼ਰਮਾ ਦੀ ਅਗਵਾਈ ਵਿੱਚ 20 ਜਣਿਆਂ ਦੇ ਗਰੋਹ ਵਿੱਚ ਵੀਰਾ ਸ਼ਰਮਾ ਦੇ ਦੋਵੇਂ ਲੜਕੇ, ਦੋ ਨੂੰਹਾਂ ਅਤੇ ਕਈ ਵਿਅਕਤੀ ਸ਼ਾਮਲ ਹਨ ਜਿਹੜੇ ਆਮ ਲੋਕਾਂ ਨੂੰ ਇਥੇ ਆਪਣੀ ਰਿਹਾਇਸ਼ ’ਤੇ ਬੁਲਾਉਂਦੇ ਸਨ ਅਤੇ ਉਨ੍ਹਾਂ ਨਾਲ ਕਾਮੁਕ ਹਰਕਤਾਂ ਕਰਕੇ ਵੀਡੀਓ ਤਿਆਰ ਕਰਕੇ ਬਲੈਕਮੇਲ ਕਰਦੇ ਸਨ ਤੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਵਸੂਲ ਲੈਂਦੇ ਸਨ| ਉਨ੍ਹਾਂ ਲੁਧਿਆਣਾ ਦੇ ਇਕ ਵਸਨੀਕ ਹਰਜਿੰਦਰ ਸਿੰਘ ਨੂੰ ਡੇਢ ਮਹੀਨਾ ਪਹਿਲਾਂ ਆਪਣੀ ਫਾਰਚੁਨਰ ਗੱਡੀ ਨੰਬਰ ਪੀਬੀ-38, ਡੀ-8326 ਵੇਚਣ ਲਈ ਬੁਲਾਇਆ ਸੀ ਤੇ ਉਸ ਕੋਲੋਂ ਉਨ੍ਹਾਂ ਨੇ 6.45 ਰੁਪਏ ਲੁੱਟ ਲਏ ਸਨ ਅਤੇ ਗੱਡੀ ਵੀ ਨਹੀਂ ਦਿੱਤੀ ਸੀ| ਇਸ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਸੀ।
ਸਬ-ਇੰਸਪੈਕਟਰ ਇਕਬਾਲ ਸਿੰਘ ਦੀ ਅਗਵਾਈ ਵਿੱਚ ਅੱਜ ਕੱਕਾ ਕੰਡਿਆਲਾ ਪਿੰਡ ਨੇੜੇ ਲਗਾਏ ਨਾਕੇ ਤੋਂ ਫਾਰਚੁਨਰ ਗੱਡੀ ’ਤੇ ਆ ਰਹੀ ਵੀਰਾ ਸ਼ਰਮਾ ਨੂੰ ਕਾਬੂ ਕਰ ਲਿਆ ਪਰ ਉਸ ਦਾ ਲੜਕਾ ਮੁਨੀਸ਼ ਕੁਮਾਰ ਫਰਾਰ ਹੋ ਗਿਆ| ਪੁਲੀਸ ਨੇ ਫਾਰਚੁਨਰ ਗੱਡੀ ਆਪਣੇ ਕਬਜ਼ੇ ਵਿੱਚ ਕਰ ਲਈ ਹੈ| ਇਸ ਗਰੋਹ ਖ਼ਿਲਾਫ਼ ਬਲੈਕਮੇਲ ਕਰਨ ਸਮੇਤ ਹੋਰ ਅਪਰਾਧੀ ਗਤਿਵਿਧਿਆਂ ਦੇ 10 ਕੇਸ ਦਰਜ ਕੀਤੇ ਗਏ ਹਨ| ਗਰੋਹ ਦੇ ਵਧੇਰੇ ਮੁਲਜ਼ਮ ਫਰਾਰ ਹਨ|