ਪੱਤਰ ਪ੍ਰੇਰਕ
ਤਰਨ ਤਾਰਨ, 16 ਅਕਤੂਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਬਾਬਾ ਦੀਪ ਸਿੰਘ ਜ਼ੋਨ ਇਕਾਈ ਵੱਲੋਂ ਗੋਹਲਵੜ੍ਹ ਰੇਲਵੇ ਲਾਈਨ ’ਤੇ ਬਣਾਏ ਅੰਡਰਬ੍ਰਿਜ ’ਤੇ ਕਈ ਸਾਲਾਂ ਤੋਂ ਅਕਸਰ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਅੱਜ ਅੰਡਰਬ੍ਰਿਜ ’ਤੇ ਵਿਖਾਵਾ ਕੀਤਾ ਗਿਆ| ਲੋਕਾਂ ਨੇ ਰੇਲਵੇ ਵਿਭਾਗ ਨੂੰ ਇਸ ਖੜ੍ਹੇ ਰਹਿੰਦੇ ਪਾਣੀ ਦੀ ਨਿਕਾਸੀ ਨਾ ਕਰਨ ’ਤੇ ਤਿੱਖਾ ਸੰਘਰਸ਼ ਕਰਨ ਦੀ ਵਿਤਾਵਨੀ ਦਿੱਤੀ| ਇਸ ਮੌਕੇ ਗੋਹਲਵੜ੍ਹ ਤੋਂ ਇਲਾਵਾ ਇਲਾਕੇ ਦੇ ਪਿੰਡ ਰਟੌਲ, ਬਹਿਲਾ, ਕੋਟਲੀ, ਦੋਬੁਰਜੀ ਆਦਿ ਦੇ ਇਕੱਤਰ ਹੋਏ ਲੋਕਾਂ ਨੂੰ ਕਿਸਾਨ ਜਥੇਬੰਦੀ ਦੇ ਆਗੂ ਮਨਜਿੰਦਰ ਸਿੰਘ ਗੋਹਲਵੜ੍ਹ, ਨਵਜੀਤ ਸਿੰਘ, ਰਮਨਜੀਤ ਸਿੰਘ ਐਮਾ, ਦਰਬਾਰਾ ਸਿੰਘ ਨੇ ਸੰਬੋਧਨ ਕੀਤਾ| ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਸ ਅੰਡਰਬ੍ਰਿਜ ’ਤੇ ਅਕਸਰ ਸਾਰਾ ਸਾਲ ਗੋਡੇ-ਗੋਡੇ ਪਾਣੀ ਖੜ੍ਹਾ ਰਹਿਣ ਕਰਕੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ, ਜਿਸ ਕਾਰਨ ਕਈ ਵਾਰ ਤਾਂ ਲੋਕਾਂ ਨੂੰ ਖੁਦ ਪਾਣੀ ਦੀ ਨਿਕਾਸੀ ਕਰਨੀ ਪੈਂਦੀ ਹੈ| ਉਨ੍ਹਾਂ ਕਿਹਾ ਕਿ ਬਾਰਸ਼ਾਂ ਦੇ ਦਿਨਾਂ ਵਿੱਚ ਤਾਂ ਇਥੇ ਸਮੱਸਿਆ ਹੋਰ ਵੀ ਗੰਭੀਰ ਬਣ ਜਾਂਦੀ ਹੈ| ਬਾਰਸ਼ਾਂ ਦੇ ਦਿਨਾਂ ’ਚ ਤਾਂ ਲੋਕਾਂ ਨੂੰ ਆਪਣੇ ਠਿਕਾਣਿਆਂ ਤੱਕ ਪਹੁੰਚਣ ਲਈ ਦੂਰ ਦੁਰੇਡੇ ਦੇ ਰਾਹ ਤੋਂ ਜਾਣਾ ਪੈਂਦਾ ਹੈ| ਬੁਲਾਰਿਆਂ ਨੇ ਇਸ ਸਥਿਤੀ ਦੇ ਚੱਲਦਿਆਂ ਕਿਸੇ ਦੁਖਾਂਤ ਦੇ ਵਾਪਰਨ ਦੀ ਸੰਭਾਵਨਾ ਦਾ ਵੀ ਖਦਸ਼ਾ ਜ਼ਾਹਰ ਕੀਤਾ ਹੈ ਅਤੇ ਰੇਵਲੇ ਵਿਭਾਗ ਨੂੰ ਇਸ ਸਮੱਸਿਆ ਤੋਂ ਲੋਕਾਂ ਨੂੰ ਤੁਰੰਤ ਰਾਹਤ ਦਿਵਾਉਣ ਦੀ ਮੰਗ ਕੀਤੀ।