ਐੱਨ.ਪੀ. ਧਵਨ
ਪਠਾਨਕੋਟ, 31 ਦਸੰਬਰ
ਸ਼ਾਹਪੁਰਕੰਡੀ ਡੈਮ ਬਣਾਉਣ ਲਈ ਗ੍ਰਹਿਣ ਕੀਤੀਆਂ ਗਈਆਂ ਜ਼ਮੀਨਾਂ ਦੇ ਮਾਲਕਾਂ ਨੂੰ ਸਮਝੌਤੇ ਅਨੁਸਾਰ ਅਜੇ ਤੱਕ ਨੌਕਰੀਆਂ ਨਾ ਦਿੱਤੇ ਜਾਣ ਦੇ ਰੋਸ ਵਜੋਂ ਔਸਟੀ ਪਰਿਵਾਰਾਂ ਦੇ ਦੋ ਬਜ਼ੁਰਗਾਂ ਨੂੰ 200 ਫੁੱਟ ਉੱਚੇ ਬਿਜਲੀ ਦੇ ਟਾਵਰ ’ਤੇ ਚੜ੍ਹਿਆਂ ਨੂੰ ਅੱਠ ਦਿਨ ਬੀਤਣ ਤੋਂ ਬਾਅਦ ਵੀ ਉਨ੍ਹਾਂ ਦਾ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ ਹੈ। ਇਹ ਬਜ਼ੁਰਗ ਇਸ ਹੱਡ ਚੀਰਵੀਂ ਠੰਢ ਵਿਚ ਟਾਵਰ ’ਤੇ ਹੀ ਦਿਨ-ਰਾਤ ਗੁਜ਼ਾਰ ਰਹੇ ਹਨ। ਅੱਜ ਧਾਰਕਲਾਂ ਦੇ ਐੱਸਡੀਐੱਮ ਵੱਲੋਂ ਟਾਵਰ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਉੱਥੇ ਬੈਰਾਜ ਔਸਟੀ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ। ਬੈਰਾਜ ਔਸਟੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਲਗਪਗ 25 ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਨਵੰਬਰ ਮਹੀਨੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨਾਲ ਉਨ੍ਹਾਂ ਦੀ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ ਅਤੇ ਮੰਤਰੀ ਨੇ ਜਲਦੀ ਹੀ ਉਨ੍ਹਾਂ ਦੀ ਮੰਗ ਮੰਨਣ ਦਾ ਭਰੋਸਾ ਦਿੱਤਾ ਸੀ। ਪ੍ਰਧਾਨ ਦਿਆਲ ਸਿੰਘ ਨੇ ਦੱਸਿਆ ਕਿ ਅੱਜ ਐੱਸਡੀਐੱਮ ਨੇ ਕਿਹਾ ਕਿ ਉਨ੍ਹਾਂ ਦੀ ਫਾਈਲ ਮੁੱਖ ਮੰਤਰੀ ਦਫਤਰ ਮਨਜ਼ੂਰੀ ਲਈ ਭੇਜੀ ਗਈ ਹੈ ਅਤੇ ਉਹ ਖੁਦ ਜਾ ਕੇ ਮੁੱਖ ਮੰਤਰੀ ਕੋਲੋਂ ਮਨਜ਼ੂਰ ਕਰਵਾ ਲੈਣ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਜ਼ਮੀਨਾਂ ਤਾਂ ਇਸ ਡੈਮ ਦੇ ਅਧਿਕਾਰੀਆਂ ਨੇ ਗ੍ਰਹਿਣ ਕੀਤੀਆਂ ਸਨ ਅਤੇ ਹੁਣ ਉਹੀ ਨੌਕਰੀ ਦੇ ਨਿਯੁਕਤੀ ਪੱਤਰ ਦਿਵਾਉਣ।