ਕੇ.ਪੀ. ਸਿੰਘ
ਗੁਰਦਾਸਪੁਰ, 5 ਅਗਸਤ
ਪੰਜਾਬ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ 4 ਤੇ 5 ਅਗਸਤ ਦੀ ਦਰਮਿਆਨੀ ਰਾਤ ਨੂੰ ਸਰਹੱਦੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਮੁਹਿੰਮ ਡਿਪਟੀ ਇੰਸਪੈਕਟਰ ਜਨਰਲ ਪੁਲੀਸ (ਇੰਟੈਲੀਜੈਂਸ) ਬਾਬੂ ਲਾਲ ਮੀਨਾ ਦੀ ਦੇਖ-ਰੇਖ ਹੇਠ ਚਲਾਈ ਗਈ। ਇਸ ਦੌਰਾਨ ਐੱਸਐੱਸਪੀ ਗੁਰਦਾਸਪੁਰ ਦੀਪਕ ਹਿਲੋਰੀ ਦੀ ਨਿਗਰਾਨੀ ਹੇਠ 10 ਨਾਕੇ ਲਗਾ ਕੇ ਸਰਹੱਦ ਨਾਲ ਲੱਗਦੇ ਪਿੰਡਾਂ ਚੰਦੂ ਵਡਾਲਾ, ਦੋਸਤਪੁਰ, ਰੁਡਿਆਣਾ ਅਤੇ ਸ਼ਹੂਰ ਕਲਾਂ ਦੀ ਵੱਡੀ ਤਾਦਾਦ ਵਿੱਚ ਪੁਲੀਸ ਦੀਆਂ ਪਾਰਟੀਆਂ ਬਣਾ ਕੇ ਤਲਾਸ਼ੀ ਲਈ ਗਈ। ਇਨ੍ਹਾਂ ਨਾਕਿਆਂ ਦੇ ਇੰਚਾਰਜ ਡੀ.ਐੱਸ.ਪੀ. ਲਗਾਏ ਗਏ। ਇਸ ਅਪਰੇਸ਼ਨ ਵਿੱਚ 350 ਮੁਲਾਜ਼ਮ ਅਤੇ 15 ਗਜ਼ਟਿਡ ਅਫ਼ਸਰ ਸ਼ਾਮਲ ਹੋਏ।
ਪਿੰਡਾਂ ਦੀ ਤਲਾਸ਼ੀ ਦੌਰਾਨ ਦੋ ਵਿਅਕਤੀਆਂ ਹਰਜੀਤ ਸਿੰਘ ਉਰਫ਼ ਜੀਤੀ ਵਾਸੀ ਸ਼ਹੂਰ ਕਲਾਂ ਅਤੇ ਸੁਬੇਗ ਸਿੰਘ ਵਾਸੀ ਰੁਡਿਆਣਾ ਥਾਣਾ ਕਲਾਨੌਰ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ 30 ਗਰਾਮ ਹੈਰੋਇਨ, 6 ਕਾਰਤੂਸ 32 ਬੋਰ, ਆਲਟੋ ਕਾਰ, 6 ਮੋਟਰਸਾਈਕਲ ਬਿਨਾਂ ਨੰਬਰ ਪਲੇਟ, 6 ਮੋਬਾਈਲ ਫ਼ੋਨ ਤੇ 10 ਦਾਤਰ ਬਰਾਮਦ ਕੀਤੇ ਗਏ। ਥਾਣਾ ਕਲਾਨੌਰ ਵਿੱਚ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ।
ਤਰਨ ਤਾਰਨ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਸਰਹੱਦ ਪਾਰ ਤੋਂ ਨਸ਼ਿਆਂ ਦੀ ਸਪਲਾਈ ਰੋਕਣ ਲਈ ਸ਼ੁਰੂ ਕੀਤੇ ਸਰਚ ਅਪਰੇਸ਼ਨ ਤਹਿਤ ਵੀਰਵਾਰ ਅਤੇ ਸ਼ੁਕਰਵਾਰ ਦੀ ਰਾਤ ਨੂੰ ਪੰਜਾਬ ਪੁਲੀਸ ਦੇ ਸਾਇਬਰ ਸੈੱਲ ਦੇ ਡੀ. ਆਈ. ਜੀ. ਨੀਲਾਂਬਰੀ ਵਿਜੇ ਜਗਾਦਲੇ ਅਤੇ ਤਰਨ ਤਾਰਨ ਦੇ ਐਸ ਐਸ ਪੀ ਰਣਜੀਤ ਸਿੰਘ ਢਿਲੋਂ ਦੀ ਅਗਵਾਈ ਵਿੱਚ ਸਰਹੱਦੀ ਖੇਤਰ ਦੇ ਕਈ ਪਿੰਡਾਂ ਦੀ ਤਲਾਸ਼ੀ ਕੀਤੀ ਗਈ|
ਜ਼ਿਲ੍ਹਾ ਪੁਲੀਸ ਨੇ ਦੱਸਿਆ ਕਿ ਬਾਰਡਰ ਏਰੀਆ ਨਜ਼ਦੀਕ ਨਸ਼ਾ ਤਸਕਰ ਪਾਕਿਸਤਾਨ ਦੇ ਤਸਕਰਾਂ ਨਾਲ ਗੰਢ-ਤੁੱਪ ਕਰ ਕੇ ਹੈਰੋਇਨ ਦੀ ਖੇਪ ਮੰਗਵਾਉਂਦੇ ਰਹਿੰਦੇ ਹਨ। ਪੁਲੀਸ ਦੀਆਂ ਵੱਖ ਵੱਖ ਟੀਮਾਂ ਨੇ ਕੰਡਿਆਲੀ ਤਾਰ ਦੇ ਪਾਰ ਵੀ ਸ਼ੱਕੀ ਟਿਕਾਣਿਆਂ ਦੀ ਤਲਾਸ਼ੀ ਕੀਤੀ| ਇਸ ਅਪਰੇਸ਼ਨ ਦੌਰਾਨ ਪੁਲੀਸ ਦੇ ਹੱਥ ਕੁਝ ਨਹੀਂ ਲੱਗਿਆ।
ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਨਸ਼ਿਆਂ ਦੇ ਵਪਾਰੀਆਂ ਬਾਰੇ ਪੁਲੀਸ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ| ਇਸ ਤਲਾਸ਼ੀ ਅਪਰੇਸ਼ਨ ਵਿੱਚ ਝਬਾਲ, ਸਰਾਏ ਅਮਾਨਤ ਖਾਂ, ਭਿੱਖੀਵਿੰਡ, ਖਾਲੜਾ, ਵਲਟੋਹਾ, ਖੇਮਕਰਨ ਥਾਣਿਆਂ ਦੀ ਪੁਲੀਸ ਸ਼ਾਮਲ ਕੀਤੀ ਗਈ|