ਪੱਤਰ ਪ੍ਰੇਰਕ
ਤਲਵਾੜਾ, 3 ਸਤੰਬਰ
ਸੂਬੇ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਹੋਏ ਬਲਾਕ ਪੱਧਰੀ ਟੂਰਨਾਮੈਂਟ ਸਮਾਪਤ ਹੋ ਗਏ ਹਨ। ਇਸੇ ਤਰ੍ਹਾਂ ਇਥੇ ਸਰਹੱਦੀ ਪਿੰਡ ਖਮਤਾ ਪੱਤੀ ਭਵਨੌਰ ਦੇ ਸਟੇਡੀਅਮ ’ਚ ਤਿੰਨ ਰੋਜ਼ਾ ਖੇਡ ਮੇਲਾ ਯਾਦਗਾਰੀ ਹੋ ਨਬਿੜਿਆ। ਟੂਰਨਾਮੈਂਟ ਦੇ ਅਖ਼ੀਰਲੇ ਦਿਨ ਦਸੂਹਾ ਵਿਧਾਇਕ ਕਰਮਵੀਰ ਘੁੰਮਣ ਮੁੱਖ ਮਹਿਮਾਨ ਵਜੋਂ ਪਹੁੰਚੇ। ਨੋਡਲ ਅਫ਼ਸਰ ਪ੍ਰਿੰ. ਵੀਨਾ ਬੱਧਣ, ਅਮਨਦੀਪ ਕੌਰ ਬਾਸਕਿਟਬਾਲ ਕੋਚ ਅਤੇ ਜੋਗੀ ਕਿੱਕ ਬਾਕਸਿੰਗ ਕੋਚ ਦੀ ਦੇਖ-ਰੇਖ ਹੇਠ ਬਲਾਕ ਪੱਧਰ ’ਤੇ ਵਾਲੀਬਾਲ, ਅਥਲੈਟਿਕਸ, ਰੱਸਾਕਸ਼ੀ, ਕਬੱਡੀ ਨੈਸ਼ਨਲ ਸਟਾਈਲ, ਖੋ-ਖੋ ਦੇ ਮੁਕਾਬਲੇ ਕਰਵਾਏ ਗਏ। ਅੱਜ ਅੰਡਰ 14 ਵਰਗ ’ਚ ਕਬੱਡੀ (ਲੜਕੇ) ਸਸਸ ਸਕੂਲ ਪਲਾਹੜ ਦੀ ਟੀਮ ਸਸਸ ਸਕੂਲ ਸੈਕਟਰ-1, ਤਲਵਾੜਾ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਸਮਾਪਤੀ ਸਮਾਗਮ ਦੌਰਾਨ ਵਿਧਾਇਕ ਘੁੰਮਣ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਨਿਵੇਕਲੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬੇ ’ਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਇਹ ਖੇਡ ਮੇਲੇ ਮੀਲ ਪੱਥਰ ਸਾਬਿਤ ਹੋਣਗੇ।
ਅਟਾਰੀ (ਪੱਤਰ ਪ੍ਰੇਰਕ): ਓਲੰਪੀਅਨ ਸ਼ਮਸ਼ੇਰ ਸਿੰਘ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿੱਚ ਬਲਾਕ ਪੱਧਰੀ ਟੂਰਨਾਂਮੈਂਟ 17 ਸਾਲ ਤੋਂ ਘੱਟ ਉਮਰ ਵਰਗ ਵਿੱਚ ਕਰਵਾਇਆ ਗਿਆ, ਜਿਸ ਵਿੱਚ ਕੁੱਲ 202 ਲੜਕੇ 106 ਲੜਕੀਆਂ ਨੇ ਭਾਗ ਲਿਆ।
ਅਜਨਾਲਾ (ਪੱਤਰ ਪ੍ਰੇਰਕ): ਸਿੱਖਿਆ ਬਲਾਕ ਅਜਨਾਲਾ-1 ਅਧੀਨ ਆਉਂਦੇ ਕੇਂਦਰ ਭੋਏਵਾਲੀ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਕਿਆਮਪੁਰ ਵਿੱਚ ਕਰਵਾਈਆਂ ਗਈਆਂ। ਖੇਡਾਂ ’ਚ ਜੇਤੂ ਰਹੇ ਵਿਦਿਆਰਥੀਆਂ ਨੂੰ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਤੇ ਬਾਕੀ ਪ੍ਰਬੰਧਕਾਂ ਨੇ ਯਾਦਗਾਰੀ ਮੈਡਲਾਂ ਨਾਲ ਸਨਮਾਨਿਤ ਕੀਤਾ।
ਸ਼ਾਹਕੋਟ (ਪੱਤਰ ਪ੍ਰੇਰਕ): ਫੁਟਬਾਲ ਦੇ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਜਵਾ ਕਲਾਂ ਦੇ ਖੇਡ ਮੈਦਾਨ ਵਿਚ ਡੀ.ਪੀ.ਈ ਮਨਜਿੰਦਰ ਸਿੰਘ ਮਲਸੀਆਂ, ਸਰਬਜੀਤ ਕੌਰ ਅਤੇ ਰਛਪਾਲ ਕੌਰ ਦੀ ਨਿਗਰਾਨੀ ਹੇਠ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਬਾਜਵਾ ਕਲਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਟੂਰਨਾਮੈਂਟ ’ਚ ਘਟੀਆ ਪ੍ਰਬੰਧਾਂ ਕਾਰਨ ਬੱਚੇ ਪ੍ਰੇਸ਼ਾਨ
ਰਈਆ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵਲੋ ਬਲਾਕ ਪੱਧਰ ’ਤੇ ਕਰਵਾਈਆਂ ਜਾ ਰਹੀਆਂ ਖੇਡਾਂ ਵਿਚ ਕਸਬਾ ਖਿਲਚੀਆ ਵਿਚ ਸਕੂਲੀ ਬੱਚੇ ਪੌਸ਼ਟਿਕ ਖਾਣਾ ਨਾ ਮਿਲਣ ਅਤੇ ਗੰਦਾ ਪਾਣੀ ਪੀਣ ਲਈ ਮਜਬੂਰ ਹੋਏ ਹਨ। ਜ਼ਿਲ੍ਹਾ ਸਪੋਰਟਸ ਅਫ਼ਸਰ ਅੰਮ੍ਰਿਤਸਰ ਜਸਮੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਕੋਈ ਫ਼ੰਡ ਮੁਹੱਈਆ ਨਹੀਂ ਕੀਤਾ ਗਿਆ। ਬੱਚਿਆਂ ਲਈ ਐਮਰਜੈਂਸੀ ਹਾਲਤ ਲਈ ਕਿਸੇ ਵੀ ਐਂਬੂਲੈਂਸ ਦਾ ਪ੍ਰਬੰਧ ਨਹੀਂ ਹੈ। ਜੀਓਜੀ ਇੰਚਾਰਜ ਜੋਬਨ ਸਿੰਘ ਨੇ ਦੱਸਿਆ ਕਿ ਬੱਚੇ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਇਸ ਸਬੰਧੀ ਜ਼ਿਲ੍ਹਾ ਸਪੋਰਟਸ ਅਫ਼ਸਰ ਅੰਮ੍ਰਿਤਸਰ ਜਸਮੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਜੇ ਤੱਕ ਖੇਡਾਂ ਲਈ ਕੋਈ ਫ਼ੰਡ ਮੁਹੱਈਆ ਨਹੀਂ ਕੀਤਾ ਗਿਆ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕੇ ਕੋਈ ਫ਼ੰਡ ਪ੍ਰਾਪਤ ਨਹੀਂ ਹੋਇਆ, ਜੇਕਰ ਬੱਚਿਆ ਲਈ ਗੰਦਾ ਪਾਣੀ ਭੇਜਿਆ ਗਿਆ ਹੈ ਤਾਂ ਉਸ ਸਬੰਧੀ ਜਾਂਚ ਕੀਤੀ ਜਾਵੇਗੀ।
ਅਥਲੈਟਿਕਸ ਵਿੱਚ ਡਰੋਲੀ ਕਾਲਜ ਦੇ ਵਿਦਿਆਰਥੀ ਅੱਵਲ
ਆਦਮਪੁਰ ਦੁਆਬਾ (ਪੱਤਰ ਪ੍ਰੇਰਕ): ਆਦਮਪੁਰ ਬਲਾਕ ਨਾਲ ਸਬੰਧਤ ਬਲਾਕ ਪੱਧਰੀ ਖੇਡਾਂ ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਦੇ ਖੇਡ ਮੈਦਾਨ ਵਿੱਚ ਹੋਈਆਂ। ਖੇਡਾਂ ਦੇ ਤੀਜੇ ਦਿਨ ਦਾ ਰਸਮੀ ਉਦਘਾਟਨ ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਰਚਨਾ ਤੁਲੀ ਵੱਲੋਂ ਕੀਤਾ ਗਿਆ। ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਖਿਡਾਰੀਆਂ ਨੇ 5 ਹਜ਼ਾਰ ਮੀਟਰ ਦੀ ਦੌੜ ਵਿੱਚ ਬੀਏ ਭਾਗ ਤੀਜਾ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਅਤੇ ਬੀਏ ਭਾਗ ਦੂਜਾ ਦੇ ਵਿਦਿਆਰਥੀ ਅੰਕਿਤ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥੀ ਸੁਖਵਿੰਦਰ ਸਿੰਘ ਨੇ 800 ਮੀਟਰ ਅਤੇ 1500 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ।