ਪੱਤਰ ਪ੍ਰੇਰਕ
ਪਠਾਨਕੋਟ, 20 ਸਤੰਬਰ
ਪਠਾਨਕੋਟ ਕੈਂਟ ਸਟੇਸ਼ਨ ’ਤੇ ਅੱਜ ਉਸ ਵੇਲੇ ਅਫ਼ਰਾਤਫ਼ਰੀ ਮੱਚ ਗਈ ਜਦ ਇਕ ਵਿਅਕਤੀ ਪਲੇਟਫਾਰਮ ਉੱਤੇ ਖੜ੍ਹੀ ਸਿਆਲਦਾ ਐਕਸਪ੍ਰੈਸ ਦੇ ਇੰਜਣ ਉਪਰ ਚੜ੍ਹ ਗਿਆ। ਵਿਅਕਤੀ ਨੇ ਇੰਜਨ ਉੱਤੇ ਚੜ੍ਹਦੇ ਸਾਰ ਹੀ ਉਸ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਨੂੰ ਫੜਨ ਦਾ ਯਤਨ ਕੀਤਾ ਅਤੇ ਜਿਉਂ ਹੀ ਉਸ ਦਾ ਹੱਥ ਤਾਰ ਦੇ ਕਰੀਬ ਪੁੱਜਿਆ ਤਾਂ ਇੱਕ ਜ਼ੋਰਦਾਰ ਝਟਕੇ ਦੇ ਨਾਲ ਉਹ ਇੰਜਨ ਤੋਂ ਹੇਠਾਂ ਆ ਡਿੱਗਾ। ਹਾਦਸਾ ਵਾਪਰਦੇ ਸਾਰ ਤੁਰੰਤ ਜੀਆਰਪੀ ਪੁਲੀਸ ਦੇ ਮੁਲਾਜ਼ਮ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਉਕਤ ਵਿਅਕਤੀ ਨੂੰ ਐਂਬੂਲੈਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਭੇਜਿਆ। ਏਐੱਸਆਈ ਦਾਰਾ ਸਿੰਘ ਨੇ ਦੱਸਿਆ ਕਿ ਉਕਤ ਵਿਅਕਤ ਮਾਨਸਿਕ ਤੌਰ ’ਤੇ ਬਿਮਾਰ ਹੈ।