ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 16 ਅਪਰੈਲ
ਸਥਾਨਕ ਕਸਬੇ ਵਿੱਚ ਸਬਜ਼ੀ ਅਤੇ ਫਲ ਵਿਕਰੇਤਾਂਵਾਂ ਵੱਲੋਂ ਸੜਕਾਂ ਕੰਢੇ ਲਗਾਈਆਂ ਗੱਡੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਇਸ ਸਬੰਧੀ ਗੱਲ ਕਰਦਿਆਂ ਰਾਹਗੀਰ ਜਰਨੈਲ ਸਿੰਘ ਲਾਧੂਪੁਰ ਨੇ ਕਿਹਾ ਕਿ ਉਹ ਰੋਜ਼ਾਨਾ ਹੀ ਸਠਿਆਲੀ ਤੋਂ ਕਾਹਨੂੰਵਾਨ ਜਾਣ ਲਈ ਇਸ ਸੜਕ ਤੋਂ ਲੰਘਦਾ ਹੈ। ਇੱਥੇ ਸਬਜ਼ੀ ਜਾਂ ਫਲ ਵਿਕਰੇਤਾਵਾਂ ਵੱਲੋਂ ਲੱਗੀਆਂ ਗੱਡੀਆਂ ਰਾਹਗੀਰਾਂ ਲਈ ਪ੍ਰੇਸ਼ਾਨੀ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸੜਕ ਕਸਬੇ ਨੂੰ ਗੁਰਦਾਸਪੁਰ ਅਤੇ ਬਟਾਲਾ ਨਾਲ ਜੋੜਦੀ ਹੈ। ਇਸ ਤੋਂ ਇਲਾਵਾ ਬੇਟ ਖੇਤਰ ਦੇ ਅੱਧਾ ਸੈਂਕੜੇ ਦੇ ਕਰੀਬ ਪਿੰਡ ਇਸ ਸੜਕ ਦੀ ਵਰਤੋਂ ਕਰਦੇ ਹਨ। ਇਸ ਸੜਕ ਉੱਤੇ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ। ਫਲ ਜਾਂ ਸਬਜ਼ੀ ਵਿਕਰੇਤਾਵਾਂ ਵੱਲੋਂ ਇਸ ਸੜਕ ਦੇ ਬਿਲਕੁਲ ਉੱਪਰ ਵਾਹਨ ਖੜ੍ਹੇ ਕਰ ਕੇ ਸਾਮਾਨ ਵੇਚਿਆ ਜਾਂਦਾ ਹੈ ਜੋ ਰਾਹਗੀਰਾਂ ਲਈ ਦਿੱਕਤ ਖੜ੍ਹੀ ਕਰਦਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਸਬੇ ਅੰਦਰ ਸੜਕ ਤੋਂ ਲੰਘਣ ਵਾਲੀਆਂ ਗੱਡੀਆਂ, ਮੋਟਰਾਂ ਅਤੇ ਵਾਹਨਾਂ ਨੂੰ ਸੁਚਾਰੂ ਢੰਗ ਨਾਲ ਅਤੇ ਨਿਰਵਿਘਨ ਲੰਘਾਉਣ ਲਈ ਸੜਕਾਂ ਉੱਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਥਾਣਾ ਕਾਹਨੂੰਵਾਨ ਨੂੰ ਸ਼ਿਕਾਇਤ ਦਿੱਤੀ ਗਈ ਹੈ ਪਰ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ।
ਇਸ ਸਬੰਧੀ ਐੱਸਐੱਚਓ ਬਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਸਬਾ ਵਾਸੀਆਂ ਵੱਲੋਂ ਇਸ ਸਬੰਧੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਸੜਕਾਂ ਦੇ ਕਿਨਾਰਿਆਂ ’ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਹਦਾਇਤਾਂ ਕੀਤੀਆਂ ਜਾਣਗੀਆਂ।