ਗੁਰਬਖ਼ਸ਼ਪੁਰੀ
ਤਰਨ ਤਾਰਨ, 1 ਜਨਵਰੀ
ਨਵੇਂ ਸਾਲ ਦੀ ਆਮਦ ’ਤੇ ਅੱਜ ਆਮ ਲੋਕਾਂ ਨੇ ਜਿੱਥੇ ਗੁਰਦੁਆਰਿਆਂ ਤੇ ਮੰਦਿਰਾਂ ਆਦਿ ਧਾਰਮਿਕ ਥਾਵਾਂ ਵਿਚ ਜਾ ਕੇ ਸੁੱਖਾਂ ਮੰਗੀਆਂ ਉੱਥੇ ਹੀ ਦੂਜੇ ਪਾਸੇ 6 ਦਸਬੰਰ ਤੋਂ ਆਪਣੀਆਂ ਮੰਗਾਂ ਲਈ ਹੜਤਾਲ ’ਤੇ ਚੱਲ ਰਹੀਆਂ ਨਰਸਾਂ ਨੇ ਅੱਜ ਵੀ ਪੰਜਾਬ ਸਰਕਾਰ ਖ਼ਿਲਾਫ਼ ਅੰਦੋਲਨ ਜਾਰੀ ਰੱਖਦਿਆਂ ਖੂਬ ਭੜਾਸ ਕੱਢੀ| ਜੁਆਇੰਟ ਐਕਸ਼ਨ ਨਰਸਿੰਗ ਕਮੇਟੀ ਪੰਜਾਬ ਦੇ ਝੰਡੇ ਹੇਠ ਨਰਸਾਂ ਨੇ ਅੱਜ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਧਰਨਾ ਦਿੱਤਾ| ਨਰਸਾਂ ਦੀ ਹੜਤਾਲ ਕਰ ਕੇ ਜ਼ਿਲ੍ਹੇ ਅੰਦਰ ਸਿਹਤ ਸੇਵਾਵਾਂ ਪਹਿਲਾਂ ਹੀ ਪ੍ਰਭਾਵਿਤ ਚੱਲ ਰਹੀਆਂ ਹਨ| ਧਰਨਾਕਾਰੀ ਨਰਸਾਂ ਨੂੰ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਕੁਲਵੰਤ ਕੌਰ ਤੋਂ ਇਲਾਵਾ ਮਨਦੀਪ ਕੌਰ, ਪਰਮਜੀਤ ਕੌਰ, ਰਾਜਵਿੰਦਰ ਕੌਰ, ਗੁਰਵੀਰ ਕੌਰ ਤੇ ਪ੍ਰਭਦੀਪ ਸਿੰਘ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਕਿਹਾ ਕਿ ਉਹ ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕੀਤੇ ਜਾਣ, ਉਨ੍ਹਾਂ ਦੇ ਅਹੁਦੇ ਦਾ ਨਾਂ ਨਰਸਿੰਗ ਅਫਸਰ ਕੀਤੇ ਜਾਣ, ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ, ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੇ ਜਾਣ ਆਦਿ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ|
ਇਸ ਦੌਰਾਨ ਆਗੂਆਂ ਨੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਧਾਰਨ ਕੀਤੇ ਗਏ ਵਤੀਰੇ ਦੀ ਨਿਖੇਧੀ ਕੀਤੀ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮੰਗਾਂ ਮੰਨੇ ਜਾਣ ਤੱਕ ਅੰਦੋਲਨ ਜਾਰੀ ਰੱਖਿਆ ਜਾਵੇਗਾ| ਆਗੂਆਂ ਨੇ ਨਵੇਂ ਵਰ੍ਹੇ ’ਤੇ ਵੀ ਸਰਕਾਰ ਵੱਲੋਂ ਵਧੇਰੇ ਕਰ ਕੇ ਔਰਤ ਮੁਲਾਜ਼ਮਾਂ ਨੂੰ ਠੰਢੀਆਂ ਰਾਤਾਂ ਵਿਚ ਵੀ ਅੰਦੋਲਨ ਕਰਨ ਲਈ ਮਜਬੂਰ ਕੀਤੇ ਜਾਣ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਸੂਬਾ ਸਰਕਾਰ ਨੂੰ ਇਨ੍ਹਾਂ ਸਾਰੀਆਂ ਧੱਕੇਸ਼ਾਹੀਆਂ ਦਾ ਹਿਸਾਬ ਦੇਣਾ ਹੋਵੇਗਾ|