ਦਿਲਬਾਗ ਸਿੰਘ ਗਿੱਲ
ਅਟਾਰੀ, 10 ਜਨਵਰੀ
ਜਮਹੂਰੀ ਕਿਸਾਨ ਸਭਾ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ 23ਵਾਂ ਜਥਾ ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਮੁਖਤਾਰ ਸਿੰਘ ਮੁਹਾਵਾ, ਗੁਰਨਾਮ ਸਿੰਘ ਦਾਉਕੇ, ਪੂਰਨ ਸਿੰਘ ਹਰਦੋ ਰਤਨ ਅਤੇ ਨਰਿੰਦਰ ਸਿੰਘ ਸਰਪੰਚ ਖਾਸਾ ਦੀ ਅਗਵਾਈ ਹੇਠ ਅਟਾਰੀ ਤੋਂ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ 22 ਜਨਵਰੀ ਨੂੰ 26 ਜਨਵਰੀ ਦੇ ਟਰੈਕਟਰ ਮਾਰਚ ਵਿੱਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ’ਚ ਜਥਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਦਾਅਵਾ ਕਰਦਿਆਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਨਾਲ ਸਬੰਧਿਤ 100 ਤੋਂ ਵੱਧ ਟਰਾਲੀਆਂ ਦਿੱਲੀ ਵੱਲ ਕੂਚ ਕਰ ਚੁੱਕੀਆਂ ਹਨ।
ਪਠਾਨਕੋਟ (ਐੱਨਪੀ ਧਵਨ): ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਅਨਾਜ ਦੀ ਸਰਕਾਰੀ ਮੰਡੀਆਂ ਅਤੇ ਸਰਕਾਰੀ ਖਰੀਦ ਖਤਮ ਹੋਣ ਨਾਲ ਗਰੀਬ ਪਰਿਵਾਰਾਂ ਨੂੰ ਭੋਜਨ ਸੁਰੱਖਿਆ ਐਕਟ ਤਹਿਤ 2 ਰੁਪਏ ਪ੍ਰਤੀ ਕਿਲੋ ਕਣਕ ਅਤੇ ਚਾਵਲ ਮਿਲਣ ਵਾਲੀ ਸਕੀਮ ਖਤਮ ਹੋ ਜਾਵੇਗੀ ਅਤੇ ਮੁਸ਼ਕਲਾਂ ਵਿੱਚ ਜੀਵਨ ਜੀਅ ਰਹੇ ਗਰੀਬਾਂ ਦੀ ਮੁਸ਼ਕਲਾਂ ਵਿੱਚ ਹੋਰ ਵਾਧਾ ਹੋਵੇਗਾ। ਇਹ ਪ੍ਰਗਟਾਵਾ ਦਿੱਲੀ ਦੇ ਬਾਰਡਰ ’ਤੇ ਬੈਠੇ ਕਿਸਾਨਾਂ ਦੇ ਸਮਰਥਨ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਣ ਸਮੇਂ ਸੀਟੀਯੂ ਪੰਜਾਬ ਦੇ ਆਗੂ ਕਾਮਰੇਡ ਸ਼ਿਵ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਆਰਐਸਐਸ ਅਤੇ ਭਾਜਪਾ ਦੇ ਆਗੂਆਂ ਨੇ ਹਰ ਹਰਬਾ ਵਰਤਿਆ ਪਰ ਬੁਰੀ ਤਰ੍ਹਾਂ ਫੇਲ੍ਹ ਹੋਏ। ਜੱਥੇ ਨਾਲ ਜਾ ਰਹੇ ਕਿਸਾਨ ਆਗੂਆਂ ਕਾਮਰੇਡ ਰਘਬੀਰ ਸਿੰਘ ਧਲੋਰੀਆ, ਇੰਦਰਜੋਤ ਸਿੰਘ ਕਲਿਆਰੀ, ਅਜੀਤ ਰਾਮ ਗੰਦਲਾ ਲਾਹੜੀ ਅਤੇ ਪ੍ਰਵੀਨ ਕੁਮਾਰ ਦੌਲਤਪੁਰ ਨੇ ਦੱਸਿਆ ਕਿ ਉਹ ਆਪਣੇ ਨਾਲ ਉਥੇ ਦਾਨ ਦੇਣ ਲਈ 101 ਤਰਪਾਲਾਂ, 101 ਬਰਸਾਤੀਆਂ, 100 ਲੇਡੀਜ਼ ਬੂਟ, 200 ਮਾਸਕ ਅਤੇ 40 ਕਿਲੋਗਰਾਮ ਸ਼ਹਿਦ ਵੀ ਲਿਜਾ ਰਹੇ ਹਨ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਪਿੰਡ ਪੰਡੋਰੀ ਗੋਲਾ ਤੋਂ ਕਿਸਾਨਾਂ ਦਾ ਇਕ ਜਥਾ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਅੱਜ ਰਵਾਨਾ ਹੋਇਆ| ਜਥੇ ਵਿੱਚ ਬਲਦੇਵ ਸਿੰਘ ਪੰਡੋਰੀ, ਬਲਦੇਵ ਸਿੰਘ ਭੈਲ, ਬਲਕਾਰ ਸਿੰਘ, ਰੇਸ਼ਮ ਸਿੰਘ, ਬਲਜੀਤ ਸਿੰਘ ਪੰਡੋਰੀ, ਪਰਗਟ ਸਿੰਘ ਮਾਲਚੱਕ, ਦਲਬੀਰ ਸਿੰਘ ਬਾਗੜੀਆ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੇ ਵਰਕਰਾਂ ਨੇ ਇਨਕਲਾਬੀ ਨਾਅਰਿਆਂ ਦੀ ਗੂੰਜ ਨਾਲ ਜਥੇ ਨੂੰ ਰਵਾਨਾ ਕਰਦਿਆਂ ਦਿੱਲੀ ਅੰਦੋਲਨ ਨੂੰ ਦੁਨੀਆ ਦਾ ਇਕ ਵਿਲੱਖਣ ਸੰਘਰਸ਼ ਦੱਸਿਆ| ਇਸੇ ਦੌਰਾਨ ਆਲ ਇੰਡੀਆ ਕਿਸਾਨ ਸਭਾ ਦਾ ਇਕ ਜਥਾ ਅੱਜ ਇਥੋਂ ਕਿਸਾਨ ਆਗੂ ਨਰਿੰਦਰ ਸਿੰਘ ਅਲਗੋਂ ਅਤੇ ਅਮਰਜੀਤ ਸਿੰਘ ਮਾੜੀਮੇਘਾ ਦੀ ਅਗਵਾਈ ਵਿੱਚ ਦਿੱਲੀ ਰਵਾਨਾ ਹੋਇਆ।