ਐਨਪੀ. ਧਵਨ
ਪਠਾਨਕੋਟ, 15 ਜੂਨ
ਇਥੇ ਜਨਿਆਲ ਪਿੰਡ ’ਚ ਏਸੀ ਦੀ ਮੰਗ ਪੂਰੀ ਨਾ ਹੋਣ ’ਤੇ ਦਾਜ ਦੇ ਲੋਭੀਆਂ ਕੋਲੋਂ ਦੁਖੀ ਹੋ ਕੇ ਵਿਆਹੁਤਾ ਨੇ ਸਹੁਰੇ ਘਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ’ਤੇ ਨਰੋਟ ਜੈਮਲ ਸਿੰਘ ਦੀ ਪੁਲੀਸ ਨੇ ਮ੍ਰਿਤਕਾ ਦੇ ਪਤੀ ਤੇ ਸਹੁਰੇ ਖ਼ਿਲਾਫ਼ ਧਾਰਾ 304-ਬੀ, 34 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਪੋਸਟ ਮਾਰਟਮ ਕਰਵਾਉਣ ਬਾਅਦ ਲਾਸ਼ ਮਾਪਿਆਂ ਨੂੰ ਸੌਂਪ ਦਿੱਤੀ।
ਸ਼ਿਕਾਇਤਕਰਤਾ ਜੇਐਂਡਕੇ ’ਚ ਪੈਂਦੇ ਪਿੰਡ 32 ਮੋੜ ਨਗਰੀ ਵਾਸੀ ਮਦਨ ਲਾਲ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ। ਉਸ ਦੀ ਛੋਟੀ ਲੜਕੀ ਪ੍ਰਿਆ ਸੈਣੀ (25) ਦਾ ਵਿਆਹ 5 ਮਹੀਨੇ ਪਹਿਲਾਂ ਜਨਿਆਲ ਦੇ ਲਵਿਸ਼ ਸੈਣੀ ਉਰਫ ਮਿੱਠੂ ਨਾਲ ਕੀਤਾ ਸੀ। ਸ਼ਾਦੀ ’ਚ ਲੜਕੀ ਨੂੰ ਦਾਜ ਵੀ ਦਿੱਤਾ ਸੀ ਪਰ ਲੜਕੀ ਦਾ ਪਤੀ ਤੇ ਉਸ ਦਾ ਸਹੁਰਾ ਕੁਲਦੀਪ ਸਿੰਘ ਉਸ ਦੀ ਲੜਕੀ ਨੂੰ ਦਾਜ ’ਚ ਏਸੀ ਨਾ ਲਿਆਉਣ ’ਤੇ ਮਾਰਕੁੱਟ ਕਰਨ ਲੱਗੇ। ਉਸ ਦੀ ਲੜਕੀ ਪ੍ਰਿਆ ਨੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਉਸ ਦੇ ਪਤੀ ਲਵਿਸ਼ ਸੈਣੀ ਤੇ ਉਸ ਦੇ ਪਿਤਾ ਕੁਲਦੀਪ ਸਿੰਘ ਨੂੰ ਕਿਹਾ ਕਿ ਉਹ ਕੁਝ ਦੇਰ ਬਾਅਦ ਉਨ੍ਹਾਂ ਦੀ ਏਸੀ ਦੀ ਮੰਗ ਪੂਰੀ ਕਰ ਦੇਣਗੇ ਪਰ ਉਹ ਉਸ ਦੀ ਲੜਕੀ ਨੂੰ ਪ੍ਰੇਸ਼ਾਨ ਨਾ ਕਰਨ। ਪਰ ਦਾਜ ਦੇ ਲਾਲਚੀਆਂ ਨੇ ਉਸ ਦੀ ਲੜਕੀ ਨੂੰ ਹੋਰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 14 ਜੂਨ ਦੀ ਰਾਤ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਲੜਕੀ ਪ੍ਰਿਆ ਸੈਣੀ ਦੀ ਮੌਤ ਹੋ ਗਈ ਹੈ। ਉਹ ਆਪਣੇ ਲੜਕੇ ਰੋਹਿਤ ਸੈਣੀ ਨਾਲ ਪਿੰਡ ਜਨਿਆਲ ਲੜਕੀ ਦੇ ਸਹੁਰੇ ਘਰ ਪੁੱਜਿਆ। ਜਿੱਥੇ ਉਸ ਦੀ ਲਾਸ਼ ਕਮਰੇ ’ਚ ਪਈ ਸੀ ਤੇ ਗਲੇ ’ਤੇ ਨਿਸ਼ਾਨ ਸਨ। ਜਿਸ ਬਾਰੇ ਪਤਾ ਲੱਗਾ ਕਿ ਪ੍ਰੇਸ਼ਾਨ ਪ੍ਰਿਆ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਤਫਤੀਸ਼ੀ ਅਫਸਰ ਦੀਪਕ ਕੁਮਾਰ ਨੇ ਦੱਸਿਆ ਕਿ ਪੋਸਟ ਮਾਰਟਮ ਮਗਰੋਂ ਲਾਸ਼ ਮਾਪਿਆਂ ਨੂੰ ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਤੀ ਤੇ ਸਹੁਰਾ ਫਰਾਰ ਹਨ ਜਿਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗ।