ਸੁਰਜੀਤ ਮਜਾਰੀ
ਬੰਗਾ, 21 ਜੁਲਾਈ
ਦੇਸ਼ ਨੂੰ ਨਿੱਜੀ ਹੱਥਾਂ ’ਚ ਦੇਣ ਦੀ ਲੁਕਵੀਂ ਚਾਲ ਚੱਲ ਕੇ ਦਿੱਲੀ ਦੇ ਹਾਕਮ ਲੋਕਾਂ ਨੂੰ ਡੰਡੇ ਨਾਲ ਕੁਚਲਣਾ ਚਾਹੁੰਦੇ ਹਨ ਇਹ ਪ੍ਰਗਟਾਵਾ ਕਰਦਿਆਂ ਸੀਪੀਐੱਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ’ਚ ਅੰਡਾਨੀ-ਅੰਬਾਨੀ ਅਨੁਸਾਰ ਅਤੇ ਸਰਹੱਦੋਂ ਪਾਰ ਅਮਰੀਕਾ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਉਹ ਅੱਜ ਇੱਥੇ ਦੇਸ਼ ਭਗਤ ਕਾਮਰੇਡ ਨੱਥਾ ਸਿੰਘ ਮੰਢਾਲੀ ਭਵਨ ਵਿਖੇ ਪਾਰਟੀ ਦੀ ਜ਼ਿਲ੍ਹਾ ਪੱਧਰੀ ਸਕੂਲਿੰਗ ਨੂੰ ਸੰਬੋਧਨ ਕਰਨ ਸ਼ਾਮਲ ਹੋਏ ਸਨ।
ਇਸ ਤੋਂ ਪਹਿਲਾਂ ਉਨ੍ਹਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕਰੋਨਾ ਮਹਾਮਾਰੀ ਦੀ ਆੜ ਵਿੱਚ ਸਰਕਾਰੀ ਜ਼ਮੀਨਾਂ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਸਬੰਧੀ ਲੋਕਾਂ ਨੂੰ ਚਾਰ ਘੰਟੇ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਜਿਸ ਕਾਰਨ ਲੋਕਾਂ ਨੂੰ ਸੰਭਲਣ ਦਾ ਵੀ ਸਮਾਂ ਨਹੀਂ ਮਿਲ ਸਕਿਆ।
ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਾਘੂਨਾਥ ਸਿੰਘ ਨੇ ਕਿਹਾ ਕਿ ਪਾਰਟੀ ਸਕੂਲਿੰਗ ਜ਼ਰੂਰੀ ਹੈ ਗਿਆਨ ਤੋਂ ਬਿਨਾਂ ਇਨਸਾਨ ਹੱਕਾਂ ਦੀ ਲੜਾਈ ਨਹੀਂ ਲੜ ਸਕਦਾ।ਇਸ ਮੌਕੇ ਕਾਮਰੇਡ ਰਾਮ ਸਿੰਘ ਨੂਰਪੁਰੀ, ਕਾਮਰੇਡ ਬਲਵੀਰ ਸਿੰਘ ਜਾਡਲਾ, ਮਹਾਂ ਸਿੰਘ ਰੌੜੀ, ਪ੍ਰੇਮ ਸਿੰਘ ਰੱਕੜ ਆਦਿ ਵੀ ਸ਼ਾਮਲ ਸਨ।