ਪੱਤਰ ਪ੍ਰੇਰਕ
ਪਠਾਨਕੋਟ, 23 ਨਵੰਬਰ
ਨਗਰ ਨਿਗਮ ਵੱਲੋਂ ਮੇਅਰ ਪੰਨਾ ਲਾਲ ਭਾਟੀਆ ਦੀ ਅਗਵਾਈ ਵਿੱਚ ਵਾਰਡ ਨੰਬਰ-2 ਦੇ ਗੁਰੂ ਰਵੀਦਾਸ ਮੰਦਰ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹਾਲ ਦਾ ਨਿਰਮਾਣ ਕਾਰਜ ਅੱਜ ਸ਼ੁਰੂ ਕਰਵਾਇਆ ਗਿਆ। ਇਸ ਦਾ ਨੀਂਹ ਪੱਥਰ ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਨੇ ਰੱਖਿਆ। ਇਸ ਮੌਕੇ ਸੁਆਮੀ ਜਗਤਗਿਰੀ ਮਹਾਰਾਜ, ਵਾਰਡ ਨੰਬਰ-2 ਦੀ ਕਾਰਪੋਰੇਟਰ ਰਜਨੀ, ਨਿਤਿਨ ਲਾਡੀ, ਸੁਰਿੰਦਰ ਬਿੱਲਾ ਤੇ ਚਰਨਜੀਤ ਹੈਪੀ, ਸ਼ਾਮ ਮਹਾਜਨ, ਵਿਕਾਸ ਬੰਟੀ, ਰਮੇਸ਼ ਘੁੱਕ, ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਆਦਿ ਹਾਜ਼ਰ ਸਨ। ਇਨ੍ਹਾਂ ਦੇ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਅਮਿਤ ਵਿੱਜ ਅਤੇ ਮੇਅਰ ਪੰਨਾ ਲਾਲ ਭਾਟੀਆ ਨੇ ਕਿਹਾ ਕਿ ਇਹ ਕਮਿਊਨਿਟੀ ਹਾਲ 2 ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੀ ਭਾਰੀ ਮੰਗ ਸੀ ਕਿ ਲੋੜਵੰਦ ਪਰਿਵਾਰਾਂ ਦੇ ਖੁਸ਼ੀ ਗਮੀ ਲਈ ਇੱਕ ਵੱਡਾ ਹਾਲ ਬਣਨਾ ਚਾਹੀਦਾ ਹੈ। ਇਸ ਮੰਗ ਨੂੰ ਦੇਖਦੇ ਹੋਏ ਇਹ ਕਮਿਊਨਿਟੀ ਹਾਲ ਪੰਜਾਬ ਸਰਕਾਰ ਕੋਲੋਂ ਮਨਜ਼ੂਰ ਕਰਵਾਇਆ ਗਿਆ ਹੈ ਅਤੇ ਇਸ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਹੈ।