ਨਿੱਜੀ ਪੱਤਰ ਪ੍ਰੇਰਕ/ਪੱਤਰ ਪੇ੍ਰਕ
ਕਪੂਰਥਲਾ/ਭੁਲੱਥ 12 ਮਾਰਚ
ਥਾਣਾ ਬੇਗੋਵਾਲ ਪੁਲੀਸ ਨੇ 20 ਫਰਵਰੀ 2021 ਨੂੰ ਅਮਰੀਕ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਮੰਡ ਨੰਗਲ ਲੁਬਾਣਾ ਜਿਸ ਨੂੰ ਅੱਡਾ ਇਬਰਾਹੀਮ ਵਾਲ ਠੇਕੇ ਤੋਂ ਅਗਵਾ ਕਰਨ ਉਪਰੰਤ ਕਤਲ ਕਰ ਦਿੱਤਾ ਗਿਆ ਸੀ, ਦਾ ਮਾਮਲਾ ਸੁਲਝਾ ਲਿਆ ਹੈ। ਬੇਗੋਵਾਲ ਪੁਲੀਸ ਨੇ ਦੱਸਿਆ ਕਿ 4 ਮਾਰਚ 2021 ਨੂੰ ਮ੍ਰਿਤਕ ਦੇ ਪਿਤਾ ਵੱਲੋਂ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਬੇਗੋਵਾਲ ਵਿਖੇ ਦਰਜ ਕਰਵਾਈ ਗਈ ਸੀ ਜਿਸ ’ਤੇ ਪੁਲੀਸ ਪਾਰਟੀ ਨੇ ਜਾਂਚ ਆਰੰਭ ਦਿੱਤੀ। ਇਸ ਦੌਰਾਨ ਅਗਵਾਕਾਰ ਕਥਿਤ ਦੋਸ਼ੀ ਕੁਲਦੀਪ ਸਿੰਘ ਉਰਫ ਕੇਕੀ ਪੁੱਤਰ ਸਤਨਾਮ ਸਿੰਘ ਵਾਸੀ ਮੰਡ ਨੰਗਲ ਲੁਬਾਣਾ ਥਾਣਾ ਬੇਗੋਵਾਲ ਦੀ ਵੀਡੀਓ ਫੁਟੇਜ ਸਾਹਮਣੇ ਆਉਣ ’ਤੇ ਦੋਸ਼ੀ ਖ਼ਿਲਾਫ਼ ਥਾਣਾ ਬੇਗੋਵਾਲ ਵਿੱਚ ਕੇਸ ਦਰਜ ਕਰਕੇ 6 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤ ਨੇ ਮੁਲਜ਼ਮ ਦਾ ਦੋ ਦਿਨਾ ਪੁਲੀਸ ਰਿਮਾਂਡ ਦਿੱਤਾ। ਪੁਲੀਸ ਅਨੁਸਾਰ ਰਿਮਾਂਡ ਦੌਰਾਨ ਕਥਿਤ ਦੋਸ਼ੀ ਨੇ ਕਬੂਲ ਕੀਤਾ ਕਿ ਅਮਰੀਕ ਸਿੰਘ ਉਸ ਦੇ ਮਾਮੇ ਦਾ ਲੜਕਾ ਹੈ। ਉਸ ਦੇ ਪਰਿਵਾਰ ਨੇ 14-15 ਸਾਲ ਪਹਿਲਾਂ ਦੋਸ਼ੀ ਦੇ ਪਿਤਾ ਨੂੰ ਜ਼ਮੀਨ ਦਾ ਝਗੜਾ ਹੋਣ ਕਰਕੇ ਸੱਟਾਂ ਮਾਰੀਆਂ ਸਨ। ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਕ ਕਥਿਤ ਦੋਸ਼ੀ ਦੀ ਭਰਜਾਈ ’ਤੇ ਵੀ ਮਾੜੀ ਨੀਅਤ ਰੱਖਦਾ ਸੀ ਜਿਸ ’ਤੇ ਉਸ ਨੇ ਮ੍ਰਿਤਕ ਨੂੰ ਇਬਰਾਹੀਮ ਅੱਡੇ ਤੋਂ ਅਗਵਾ ਕਰਕੇ ਪਹਿਲਾਂ ਸ਼ਰਾਬ ਪਿਆਈ ਤੇ ਫਿਰ ਉਸ ਨੂੰ ਪਿੱਛੇ ਬਿਠਾ ਕੇ ਬਤਾਲੇ ਤੋਂ ਹੁੰਦਾ ਹੋਇਆ ਬਿਆਸ ਦਰਿਆ ’ਤੇ ਲੈ ਗਿਆ। ਜਦੋਂ ਮ੍ਰਿਤਕ ਸ਼ਰਾਬੀ ਹੋ ਗਿਆ ਤਾਂ ਦੋਸ਼ੀ ਨੇ ਪਹਿਲਾਂ ਉਸ ਦਾ ਗਲਾ ਫੜ ਕੇ ਉਸ ਦੀ ਛਾਤੀ ਨੂੰ ਦਬਾਇਆ। ਜਦੋਂ ਉਸ ਦੀ ਹਾਲਤ ਖਰਾਬ ਹੋ ਗਈ ਤਾਂ ਉਸ ਨੂੰ ਦਰਿਆ ਵਿੱਚ ਧੱਕਾ ਦੇ ਦਿੱਤਾ। ਤਫ਼ਤੀਸ਼ ਦੌਰਾਨ ਪੁਲੀਸ ਨੇ ਮ੍ਰਿਤਕ ਦਾ ਮੋਟਰ ਸਾਈਕਲ ਉਸ ਦੀ ਲੋਈ ਅਤੇ ਵਾਰਦਾਤ ਸਮੇਂ ਕਥਿਤ ਦੋਸ਼ੀ ਵੱਲੋਂ ਵਰਤਿਆ ਮੋਟਰਸਾਈਕਲ ਬਰਾਮਦ ਕਰਕੇ ਉਸ ਵਿਰੁੱਧ ਥਾਣਾ ਬੇਗੋਵਾਲ ਵਿੱਚ ਪਰਚਾ ਦਰਜ ਕਰ ਲਿਆ ਹੈ।