ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 12 ਜੁਲਾਈ
ਅੱਜ ਇਥੋਂ ਨਜ਼ਦੀਕੀ ਮਾਨਾਂਵਾਲਾ ਵਿੱਚ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਮਾਨਾਂਵਾਲਾ ਦਾ ਵਿਸ਼ੇਸ਼ ਇਜਲਾਸ ਸੂਬਾਈ ਜਨਰਲ ਸਕੱਤਰ ਪਰਮਜੀਤ ਕੌਰ ਮਾਨ, ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਦੁਲਾਰੀ ਅਤੇ ਜ਼ਿਲ੍ਹਾ ਸਕੱਤਰ ਸਰਬਜੀਤ ਕੌਰ ਛੱਜਲਵੱਡੀ ਦੀ ਦੇਖ ਰੇਖ ਹੇਠ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਦੁਲਾਰੀ ਨੇ ਦੱਸਿਆ ਅੱਜ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਦੇ ਇਸ ਵਿਸ਼ੇਸ਼ ਇਜਲਾਸ ਵਿੱਚ ਬਲਾਕ ਮਾਨਾਂਵਾਲਾ ਅਧੀਨ ਪੈਂਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਇਸ ਇਜਲਾਸ ਦੌਰਾਨ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੇ ਸਰਕਾਰ ਕੋਲੋਂ ਆਪਣੀਆਂ ਤਨਖਾਹਾਂ ਵਧਾਉਣ ਦੀ ਮੰਗ ਕੀਤੀ ਅਤੇ ਇਸ ਮੌਕੇ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿੱਚ ਪ੍ਰਧਾਨ ਸੁਖਜਿੰਦਰ ਕੌਰ ਛੱਜਲਵੱਡੀ, ਸਕੱਤਰ ਬਲਵਿੰਦਰ ਕੌਰ ਰਾਮਪੁਰਾ, ਵਿੱਤ ਸਕੱਤਰ ਕਰਮਜੀਤ ਕੌਰ ਗਦਲੀ, ਮੀਤ ਪ੍ਰਧਾਨ ਕਰਮਜੀਤ ਕੌਰ ਮੱਲੀਆਂ, ਰਾਜਵਿੰਦਰ ਕੌਰ ਬੰਡਾਲਾ, ਸਹਾਇਕ ਵਿੱਤ ਸਕੱਤਰ ਬਲਵਿੰਦਰ ਕੌਰ ਤਿੰਮੋਵਾਲ, ਪ੍ਰੈੱਸ ਸਕੱਤਰ ਜਸਪਾਲ ਕੌਰ ਨਿਜ਼ਾਮਪੁਰ ਅਤੇ ਸਹਾਇਕ ਪ੍ਰੈੱਸ ਸਕੱਤਰ ਰੂਪਜਿੰਦਰ ਕੌਰ ਚਾਟੀਵਿੰਡ ਤੋਂ ਇਲਾਵਾ ਨਵਨੀਤ ਕੌਰ, ਰਮਨਦੀਪ ਕੌਰ ਦੇਵੀਦਾਸਪੁਰ, ਨਿਰਮਲ ਕੌਰ ਵਰਪਾਲ ਅਤੇ ਸਰਬਜੀਤ ਕੌਰ ਛੱਜਲਵੱਡੀ ਕਾਰਜਕਾਰਨੀ ਦੇ ਮੈਂਬਰ ਚੁਣੇ ਗਏ। ਉਨ੍ਹਾਂ ਦੱਸਿਆ ਇਜਲਾਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਪਾਸੋਂ ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਐਕਟ ਅਨੁਸਾਰ ਤਨਖਾਹਾਂ ਦੇਣ ਦੀ ਮੰਗ ਵੀ ਕੀਤੀ ਗਈ ਹੈ।