ਰਾਜਨ ਮਾਨ
ਮਜੀਠਾ, 3 ਫਰਵਰੀ
ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਠੰਡ ਨੇ ਫਿਰ ਲੋਕਾਂ ਨੂੰ ਜਕੜ ਲਿਆ ਹੈ ਉਥੇ ਕਣਕਾਂ ਅਤੇ ਮਟਰਾਂ ਦੀ ਫਸਲ ਵਿਚ ਪਾਣੀ ਖਲੋ ਜਾਣ ਕਾਰਨ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਪਹਿਲਾਂ ਕੁਝ ਦਿਨ ਲਗਾਤਾਰ ਹੋਈ ਬਾਰਿਸ਼ ਤੋਂ ਅਜੇ ਲੋਕਾਂ ਨੂੰ ਨਜ਼ਾਤ ਹੀ ਮਿਲੀ ਸੀ ਕਿ ਬੀਤੀ ਰਾਤ ਮੀਂਹ ਨੇ ਮੁੜ ਦਸਤਕ ਦੇ ਦਿੱਤੀ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਪਾਰਾ ਹੇਠਾਂ ਆ ਗਿਆ ਹੈ। ਇਕ ਪਾਸੇ ਚੋਣਾਂ ਦੇ ਦਿਨ ਹੋਣ ਕਾਰਨ ਸਿਆਸੀ ਪਾਰਾ ਪੂਰਾ ਉਪਰ ਚੜ੍ਹਿਆ ਹੋਇਆ ਹੈ ਉਥੇ ਅਚਨਚੇਤ ਹੋ ਰਹੀ ਬਾਰਿਸ਼ ਨੇ ਪਾਰਾ ਹੇਠਾਂ ਲੈ ਆਂਦਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕੇ ਲਗਾਤਾਰ ਬਾਰਿਸ਼ ਹੋਣ ਨਾਲ ਕਣਕ ਦੀ ਫਸਲ ਪੀਲੀ ਪੈਣ ਲੱਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਠੰਢ ਰਹਿਣਾ ਕਣਕ ਲਈ ਲਾਭਦਾਇਕ ਹੈ ਪਰ ਮੀਂਹ ਖਤਰਨਾਕ ਹੈ।
ਪਿੰਡ ਬੱਗਾ ਦੇ ਕਿਸਾਨ ਅਪਾਰ ਸਿੰਘ ਨੇ ਕਿਹਾ ਕਿ ਹੁਣ ਲਗਾਤਾਰ ਪੈ ਰਹੇ ਮੀਂਹ ਕਾਰਨ ਕਣਕ ਦੇ ਪੀਲੇ ਪੈਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਨਾਲ ਦੂਸਰੀਆਂ ਫਸਲਾਂ ਲਈ ਵੀ ਜ਼ਿਆਦਾ ਮੀਂਹ ਖਤਰਨਾਕ ਹੈ। ਇਸ ਮੀਂਹ ਕਾਰਨ ਮਟਰਾਂ ਦੀ ਫਸਲ ਵੀ ਖਰਾਬ ਹੋ ਗਈ ਹੈ।
ਉਧਰ, ਲਗਾਤਾਰ ਪਈ ਠੰਢ ਕਾਰਨ ਲੋਕ ਵੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਮਜ਼ਦੂਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਆਸਤਦਾਨ ਵੀ ਵਰ੍ਹਦੇ ਮੀਂਹ ਵਿੱਚ ਲੋਕਾਂ ਦੇ ਦਰ ਖੜਕਾ ਰਹੇ ਹਨ। ਉਨ੍ਹਾਂ ਦੀਆਂ ਪਿੰਡਾਂ ਦੀਆਂ ਰੈਲੀਆਂ ਰੱਦ ਹੋ ਗਈਆਂ ਹਨ। ਹਲਕੇ ਤੋਂ ‘ਆਪ’ ਦੇ ਉਮੀਦਵਾਰ ਲਾਲੀ ਮਜੀਠੀਆ ਨੇ ਦੱਸਿਆ ਕਿ ਮੀਂਹ ਕਾਰਨ ਕਈ ਪਿੰਡਾਂ ਦੇ ਪਰੋਗਰਾਮ ਰੱਦ ਕਰਨੇ ਪਏ ਗਏ ਹਨ।
ਬਲਾਚੌਰ (ਗੁਰਦੇਵ ਸਿੰਘ ਗਹੂੰਣ) ਹਫਤੇ ਕੁ ਦੀ ਵਿੱਥ ਮਗਰੋਂ ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਅੱਜ ਤੜਕਸਾਰ ਤੋਂ ਫਿਰ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਬਲਾਚੌਰ ਦੇ ਬੇਟ ਦੇ ਇਲਾਕੇ ਵਿੱਚ ਤਾਂ ਕਣਕ ਦੇ ਖੇਤਾਂ ਵਿਚਲਾ ਹਫਤਾ ਕੁ ਪਹਿਲਾਂ ਹੋ ਕੇ ਹਟੀ ਭਾਰੀ ਬਾਰਿਸ਼ ਦਾ ਪਹਿਲਾ ਪਾਣੀ ਹੀ ਸੁੱਕਿਆ ਨਹੀਂ ਸੀ ਕਿ ਅੱਜ ਤੜਕਸਾਰ ਤੋਂ ਸ਼ੁਰੂ ਹੋਈ ਬਾਰਿਸ਼ ਜੋ ਸ਼ਾਮ ਹੋਣ ਤੱਕ ਵੀ ਲਗਾਤਾਰ ਜਾਰੀ ਸੀ, ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵੀ ਭਾਰੀ ਵਾਧਾ ਕਰ ਦਿੱਤਾ ਹੈ। ਇਲਾਕੇ ਦੇ ਕਿਸਾਨਾਂ ਦੀਆਂ ਆਲੂਆਂ, ਮਟਰਾਂ ਅਤੇ ਸਬਜ਼ੀਆਂ ਦੀਆਂ ਫਸਲਾਂ ਪਹਿਲਾਂ ਹੀ ਖਤਮ ਹੋ ਚੁੱਕੀਆਂ ਹਨ, ਹੁਣ ਅੱਜ ਦੀ ਬਾਰਿਸ਼ ਨਾਲ ਕਣਕ ਦੀ ਫਸਲ ਵੀ ਬਰਬਾਦ ਹੋਣ ਕਿਨਾਰੇ ਪੁੱਜ ਗਈ ਹੈ। ਮੌਸਮ ਵਿਗਿਆਨੀਆਂ ਵੱਲੋਂ ਦੱਸੀ ਜਾ ਰਹੀ ਲਗਾਤਾਰ ਦੋ ਦਿਨ ਦੀ ਬਾਰਿਸ਼ ਨੇ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਅਸਤ-ਵਿਅਸਤ ਕਰਕੇ ਰੱਖ ਦਿੱਤੀ ਹੈ, ਕਿਉਂਕਿ ਬਾਰਿਸ਼ ਕਾਰਨ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਦਿਹਾੜੀਦਾਰ ਮਜ਼ਦੂਰਾਂ ਤੇ ਰੇਹੜੀ-ਫੜ੍ਹੀ ਵਾਲਿਆਂ ਦਾ ਕੰਮ ਚੌਪਟ ਹੋ ਕੇ ਰਹਿ ਗਿਆ ਹੈ।
ਸ਼ਾਹਕੋਟ (ਪੱਤਰ ਪ੍ਰੇਰਕ) ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਤੋਂ ਸ਼ੁਰੂ ਹੋਇਆ ਭਾਰੀ ਮੀਂਹ ਅੱਜ ਸਾਰਾ ਦਿਨ ਜਾਰੀ ਰਿਹਾ। ਇਸ ਬੇਮੌਸਮੀ ਵਰਖਾ ਨੇ ਲੋਕਾਂ ਦਾ ਜੀਵਨ ਅਸਥ-ਵਿਅਸਥ ਕਰ ਦਿੱਤਾ ਹੈ। ਇਸ ਮੀਂਹ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਕੁਝ ਦਿਨ ਪਹਿਲਾ ਪਏ ਮੀਂਹ ਨਾਲ ਕਿਸਾਨਾਂ ਦੀ ਆਲੂਆਂ ਫਸਲ ਨੁਕਸਾਨੀ ਗਈ ਸੀ। ਜੋ ਬਚੀ ਸੀ ਉਸਦੇ ਇਸ ਮੀਂਹ ਨਾਲ ਬਰਬਾਦ ਹੋਣ ਦਾ ਖਦਸ਼ਾ ਹੈ। ਕਣਕ ਦੀ ਫਸਲ ਦਾ ਪੀਲੀ ਪੈ ਕੇ ਨੁਕਸਾਨ ਹੋਣ ਦਾ ਖਦਸ਼ਾ ਹੈ। ਭਾਰੀ ਮੀਂਹ ਨਾਲ ਖੇਤਤੇ ਸੜਕਾਂ ਪਾਣੀ ਨਾਲ ਨੱਕੋ ਨੱਕ ਭਰ ਗਈਆਂ ਹਨ। ਖੇਤ ਮਜ਼ਦੂਰਾਂ, ਉਸਾਰੀ ਮਜ਼ਦੂਰਾਂ, ਰੇਹੜੀ ਤੇ ਫੜੀ ਲਗਾਉਣ ਵਾਲਿਆਂ ਤੇ ਰੋਜ਼ਾਨਾ ਮਜ਼ਦੂਰੀ ਕਰਨ ਵਾਲਿਆਂ ਨੂੰ ਰੋਜ਼ਾਨਾ ਲੋੜਾਂ ਪੂਰੀਆਂ ਕਰਨੀਆਂ ਔਖੀਆਂ ਹੋ ਗਈਆਂ ਹਨ। ਜੇ ਆਉਣ ਵਾਲੇ ਦਿਨਾਂ ’ਚ ਵੀ ਵਰਖਾ ਇਸੇ ਤਰ੍ਹਾਂ ਜਾਰੀ ਰਹੀ ਤਾਂ ਕਿਰਤੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸ਼ਾਹਮਣਾ ਕਰਨਾ ਪੈ ਸਕਦਾ ਹੈ।
ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ) ਫਤਿਹਗੜ੍ਹ ਚੂੜੀਆਂ ਇਲਾਕੇ ’ਚ ਪੈ ਰਹੇ ਲਗਾਤਾਰ ਮੀਂਹ ਕਾਰਨ ਕਈ ਥਾਵਾਂ ’ਤੇ ਸਬਜ਼ੀਆਂ ਦੀ ਫਸਲ ਦਾ ਨੁਕਸਾਨ ਹੋਇਆ ਹੈ। ਖੇਤੀਬਾੜੀ ਮਾਹਿਰ ਮਨਜੀਤ ਸਿੰਘ ਤੇ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਸਬਜ਼ੀਆਂ ਦੀ ਫ਼ਸਲ ਦਾ ਵੱਧ ਨੁਕਸਾਨ ਹੋ ਸਕਦਾ ਹੈ। ਲਗਾਤਾਰ ਪੈ ਰਹੇ ਮੀਂਹ ਤੇ ਹਵਾਵਾਂ ਕਾਰਨ ਸੀਤ ਲਹਿਰ ਨੇ ਵੀ ਜੋਰ ਫੜ ਲਿਆ ਹੈ।
ਪਠਾਨਕੋਟ (ਪੱਤਰ ਪ੍ਰੇਰਕ) ਰਾਤ 12 ਵਜੇ ਤੋਂ ਸ਼ੁਰੂ ਹੋਈ ਬੂੰਦਾ-ਬਾਂਦੀ ਅੱਜ ਸਾਰਾ ਦਿਨ ਜਾਰੀ ਰਹੀ। ਜਿਸ ਨਾਲ ਠੰਢ ਹੋਰ ਵਧ ਗਈ ਤੇ ਸ਼ਹਿਰ ਅੰਦਰ ਜਨਜੀਵਨ ਉਪਰ ਅਸਰ ਪਿਆ। ਬਾਜ਼ਾਰਾਂ ’ਚ ਸੁੰਨਸਾਨ ਪੱਸਰੀ ਰਹੀ ਤੇ ਲੋਕ ਜ਼ਿਆਦਾਤਰ ਘਰਾਂ ਵਿੱਚ ਹੀ ਰਜਾਈਆਂ ਅੰਦਰ ਬੈਠੇ ਰਹੇ।
ਮੀਂਹ ਨੇ ਮੁੜ ਲੋਕਾਂ ਨੂੰ ਕਾਂਬਾ ਛੇੜਿਆ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ) ਬੀਤੀ ਦੇਰ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਇਥੇ ਪਾਲਾ ਮੁੜ ਵਧ ਗਿਆ ਹੈ। ਜਿਸ ਨੇ ਲੋਕਾਂ ਨੂੰ ਕਾਂਬਾ ਛੇੜਿਆ ਹੈ। ਮੀਂਹ ਦੇ ਕਾਰਨ ਆਮ ਜਨ ਜੀਵਨ ਵੀ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਦੀ ਪੇਸ਼ਨਗੋਈ ਮੁਤਾਬਕ ਕੱਲ ਵੀ ਬੱਦਲਵਾਈ ਬਣੀ ਰਹੀ ਸੀ ਤੇ ਦੇਰ ਰਾਤ ਨੂੰ ਕਿਣਮਿਣ ਸ਼ੁਰੂ ਹੋ ਗਈ ਸੀ, ਜੋ ਅੱਜ ਸ਼ਾਮ ਤਕ ਵੀ ਜਾਰੀ ਹੈ। ਇਸ ਦੌਰਾਨ ਕੁਝ ਸਮੇਂ ਲਈ ਮੋਹਲਾਧਾਰ ਮੀਂਹ ਵੀ ਪਿਆ ਹੈ, ਜਿਸ ਨਾਲ ਕਈ ਨੀਵੀਆਂ ਥਾਵਾਂ ’ਤੇ ਪਾਣੀ ਵੀ ਖੜ੍ਹਾ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਭਾਵੇਂ ਪਹਿਲਾਂ ਵੀ ਪਾਰਾ ਹੇਠਾਂ ਚੱਲ ਰਿਹਾ ਸੀ ਪਰ ਮੀਂਹ ਦੇ ਕਾਰਨ ਸ਼ੀਤ ਹੋਰ ਵਧੇਰੇ ਮਹਿਸੂਸ ਹੋ ਰਹੀ ਹੈ।ਡ ਮੀਂਹ ਦੇ ਕਾਰਨ ਘੱਟੋ ਘੱਟ ਤਾਪਮਾਨ 8 ਡਿਗਰੀ ਰਿਹਾ ਹੈ। ਮੌਸਮ ਦਾ ਇਹ ਮਿਜਾਜ ਅਗਲੇ ਦੋ ਤਿੰਨ ਦਿਨ ਹੋਰ ਬਣੇ ਰਹਿਣ ਦੀ ਸੰਭਾਵਨਾ ਹੈ। ਦੇਰ ਰਾਤ ਤੋਂ ਪੈ ਰਹੇ ਮੀਂਹ ਕਾਰਨ ਅੱਜ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਮੀਂਹ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।