ਐੱਨਪੀ ਧਵਨ
ਪਠਾਨਕੋਟ, 21 ਅਪਰੈਲ
ਸ਼ਾਹਪੁਰਕੰਡੀ ਟਾਊਨਸ਼ਿਪ ਦੇ ਟੀ-ਜ਼ੀਰੋ ਦੇ ਕੁਆਟਰਾਂ ਦੇ ਨਜ਼ਦੀਕ ਲਗਪਗ 50 ਸਫੈਦੇ ਦੇ ਦਰੱਖਤ ਅੱਗ ਲੱਗਣ ਕਾਰਨ ਝੁਲਸ ਗਏ ਹਨ। ਲੋਕਾਂ ਨੇ ਅੱਗ ਲੱਗਣ ਦੀ ਖਬਰ ਫਾਇਰ ਬ੍ਰਿਗੇਡ ਨੂੰ ਦਿੱਤੀ ਪਰ ਵਿਭਾਗ ਕੋਲ ਮੌਕੇ ’ਤੇ ਡਰਾਈਵਰ ਨਹੀਂ ਸੀ ਜਿਸ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਪੁੱਜਣ ਵਿੱਚ ਦੇਰੀ ਹੋ ਗਈ ਅਤੇ ਉਥੇ ਖੜ੍ਹੇ ਸਫੈਦੇ ਦੇ ਦਰਖਤ ਸੜ ਗਏ। ਜਾਣਕਾਰੀ ਅਨੁਸਾਰ ਰਣਜੀਤ ਸਾਗਰ ਡੈਮ ਪ੍ਰੋਜੈਕਟ ’ਤੇ 2 ਫਾਇਰ ਸਟੇਸ਼ਨ ਹੈ, ਜਿਸ ਵਿੱਚੋਂ ਇੱਕ ਸ਼ਾਹਪੁਰਕੰਡੀ ਵਿੱਚ ਅਤੇ ਦੂਸਰਾ ਰਣਜੀਤ ਸਾਗਰ ਡੈਮ ਪ੍ਰੋਜੈਕਟ ਉਚਾ ਥੜਾ ਉਪਰ ਹੈ। ਇਨ੍ਹਾਂ ਫਾਇਰ ਸਟੇਸ਼ਨਾਂ ਤੇ ਤਿੰਨ ਸ਼ਿਫਟਾਂ ਵਿੱਚ ਮੁਲਾਜ਼ਮ ਤਾਇਨਾਤ ਹਨ ਪਰ ਵਿਭਾਗ ਕੋਲ ਮਾਤਰ 4 ਡਰਾਈਵਰ ਹੀ ਹਨ। ਜਦ ਕਿ ਵਿਭਾਗ ਕੋਲ ਕੰਮ ਬਹੁਤ ਜ਼ਿਆਦਾ ਹੈ। ਇਸ ਸੀਜ਼ਨ ਵਿੱਚ ਡਰਾਈਵਰਾਂ ਦੀ ਲੋੜ ਜ਼ਿਆਦਾ ਹੁੰਦੀ ਹੈ। ਇਸ ਸਬੰਧ ਵਿੱਚ ਜਦ ਫਾਇਰ ਸਟੇਸ਼ਨ ਦੇ ਮੁਖੀ ਐਸਡੀਓ ਰਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ 6-7 ਮਹੀਨੇ ਤੋਂ ਉਚ-ਅਧਿਕਾਰੀਆਂ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾ ਰਹੇ ਹਨ ਪਰ ਅਜੇ ਤੱਕ ਡਰਾਈਵਰ ਹੋਰ ਉਪਲਭਧ ਨਹੀਂ ਕਰਵਾਏ ਗਏ। ਇਸ ਸਬੰਧ ਵਿੱਚ ਜਦ ਰਣਜੀਤ ਸਾਗਰ ਡੈਮ ਪ੍ਰੋਜੈਕਟ ਦੇ ਚੀਫ ਇੰਜਨੀਅਰ ਸ਼ੇਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਹਾਲ ਹੀ ਵਿੱਚ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।
ਪਸ਼ੂਆਂ ਦਾ ਸੁੱਕਾ ਚਾਰਾ ਅੱਗ ਦੀ ਭੇਟ ਚੜਿ੍ਹਆ
ਕਾਹਨੂੰਵਾਨ (ਪੱਤਰ ਪ੍ਰੇਰਕ): ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਜੀਂਦੜ ਪੱਤੀ ਵਿੱਚ ਇਕ ਕਿਸਾਨ ਦੀ ਹਵੇਲੀ ਅਤੇ ਪਸ਼ੂਆਂ ਦੇ ਵਾੜੇ ਵਿਚ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਕਿਸਾਨ ਦਾ ਭਾਰੀ ਮਾਤਰਾ ਵਿੱਚ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਜੀਂਦੜ ਪੱਤੀ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਦੇ ਸਮੇਂ ਉਨ੍ਹਾਂ ਦੇ ਪਸ਼ੂਆਂ ਵਾਲੀ ਹਵੇਲੀ ਵਿਚ ਰੱਖੀ ਤੂੜੀ ਵਾਲੇ ਕੱਚੇ ਕਮਰੇ ਵਿਚ ਅਚਾਨਕ ਅੱਗ ਲੱਗ ਗਈ। ਉਨ੍ਹਾਂ ਹਵੇਲੀ ਵਿਚ ਬੱਝੇ ਹੋਏ ਪਸ਼ੂਆਂ ਨੂੰ ਬਾਹਰ ਕੱਢ ਲਿਆ ਗਿਆ, ਪਰ ਇਸ ਦੌਰਾਨ ਅੱਗ ਤੂੜੀ ਵਾਲੇ ਕਮਰੇ ਵਿੱਚ ਫੈਲ ਗਈ ਅਤੇ ਇਸ ਦੌਰਾਨ ਤੂੜੀ ਅਤੇ ਹੋਰ ਲੋੜੀਂਦਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਇਸ ਮਕਾਨ ਦੀ ਛੱਤ ਵੀ ਕਾਨਿਆਂ ਅਤੇ ਬਾਂਸਾਂ ਦੀ ਸੀ, ਉਹ ਵੀ ਅੱਗ ਦੀ ਭੇਟ ਚੜ੍ਹ ਗਏ ਹਨ। ਪੀੜਤ ਕਿਸਾਨ ਅਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਉਸ ਦੇ ਹੋਏ ਮਾਲੀ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇ।