ਸੁਰਜੀਤ ਮਜਾਰੀ
ਬੰਗਾ, 31 ਜੁਲਾਈ
ਇਥੇ ਵਿਸ਼ਵਕਰਮਾ ਕੰਪਿਊਟਰਜ਼ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿੱਚ ਇਥੋਂ ਕੰਪਿਊਟਰ ਦੇ ਕੋਰਸਾਂ ਦੀ ਸਿਖਲਾਈ ਲੈ ਰਹੀਆਂ ਲੜਕੀਆਂ ਵੱਲੋਂ ਸਭਿਆਚਾਰਕ ਗੀਤ ਗਾਏ ਗਏ ਅਤੇ ਬੋਲੀਆਂ ਦੇ ਨਾਲ ਨਾਲ ਕੋਰਿਓਗ੍ਰਾਫੀ ਵੀ ਪੇਸ਼ ਕੀਤੀ ਗਈ। ਸੈਂਟਰ ਦੇ ਮੁਖੀ ਮੈਡਮ ਕਵਲਜੀਤ ਕੌਰ ਅਤੇ ਅਮਰਦੀਪ ਸਿੰਘ ਨੇ ਦੱਸਿਆ ਕਿ ਪੰਜਾਬੀ ਪਹਿਰਾਵੇ ਵਿੱਚ ਪਰਾਂਦੇ , ਟਿਕੇ ਮਹਿੰਦੀ ਨਾਲ ਸਜੀਆਂ ਇਹ ਤੀਆਂ ਦਾ ਤਿਉਹਾਰ ਯਾਦਗਾਰ ਬਣਾ ਦਿੱਤਾ ਹੈ।
ਧਾਰੀਵਾਲ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ (ਜੀਜੀਐੱਸ) ਮਾਡਰਨ ਸਕੂਲ ਬਖਤਪੁਰ ਵਿੱਚ ਸਕੂਲ ਸਟਾਫ ਅਤੇ ਬੱਚਿਆਂ ਵਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। ਸਕੂਲ ਦੇ ਡਾਇਰੈਕਟਰ ਡਾ. ਮਹਿੰਦਰਪਾਲ ਸਿੰਘ ਕਲੇਰ, ਪ੍ਰਧਾਨ ਮੈਡਮ ਰਣਜੀਤ ਕੌਰ ਅਤੇ ਪ੍ਰਿੰਸੀਪਲ ਮੇਜਰ ਸਿੰਘ ਚਾਹਲ ਦੀ ਅਗਵਾਈ ਕਰਵਾਏ ਪ੍ਰਗਰਾਮ ਦੌਰਾਨ ਬੱਚਿਆਂ ਨੇ ਗਿੱਧਾ, ਭੰਗੜਾ, ਲੋਕ ਨਾਚ, ਬੋਲੀਆਂ ਆਦਿ ਪੇਸ਼ਕਾਰੀ ਕੀਤੀ ਅਤੇ ਪੀਘਾਂ ਝੂਟੀਆਂ। ਪੰਜਵੀਂ ਜਮਾਤ ਦੇ ਵਿਦਿਆਰਥੀ ਦਮਨਪ੍ਰੀਤ ਸਿੰਘ ਨੇ ਸੁੱਚਾ ਸਿੰਘ ਪਸਨਾਵਾਲ ਦੁਆਰਾ ਸਾਉਣ ਮਹੀਨੇ ਦੀਆਂ ਗਤੀਵਿਧੀਆਂ, ਸੱਭਿਆਚਾਰ ਅਤੇ ਵਾਤਾਵਰਨ ਸਬੰਧੀ ਪ੍ਰੇਰਨਾਦਾਇਕ ਲਿਖੀ ਕਵਿਤਾ ‘ਸਾਉਣ ਮਹੀਨਾ’ ਪੇਸ਼ ਕੀਤੀ।
ਸ਼ਾਹਕੋਟ (ਪੱਤਰ ਪ੍ਰੇਰਕ): ਇਥੇ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿੱਚ ਤੀਆਂ ਦਾ ਤਿਓਹਾਰ ਮਨਾਇਆ ਗਿਆ। ਪ੍ਰਿੰਸੀਪਲ ਸੰਦੀਪ ਕੌਰ ਨੇ ਕਿਹਾ ਕਿ ਅਜਿਹੇ ਤਿਓਹਾਰ ਮਨਾਉਣ ਨਾਲ ਹੀ ਨੌਜਵਾਨ ਪੀੜੀ ਨੂੰ ਪੰਜਾਬੀ ਵਿਰਸੇ ਨਾਲ ਜੋੜਿਆ ਜਾ ਸਕਦਾ ਹੈ। ਇਸ ਮੌਕੇ ਦੂਜੀ ਜਮਾਤ ਦੀ ਮਨਸੀਰਤ ਕੌਰ ਨੇ ਤੀਆਂ ਨਾਲ ਸਬੰਧਿਤ ਕਵਿਤਾ ਪੇਸ਼ ਕੀਤੀ। ਨਰਸਰੀ, ਦੂਜੀ, ਸੱਤਵੀਂ ਅਤੇ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਗਿੱਧਾ ਪੇਸ਼ ਕੀਤਾ। ਨੌਵੀਂ ਤੋਂ ਬਾਰਵ੍ਹੀ ਤੱਕ ਕਰਵਾਏ ਮਟਕਾ ਸਜਾਵਟ ਦੇ ਮੁਕਾਬਲੇ ’ਚ ਮਨਵੀਰ ਕੌਰ ਨੇ ਪਹਿਲਾ ਅਤੇ ਮਹਿੰਦੀ ਸਜਾਉਣ ਦੇ ਮੁਕਾਬਲੇ ’ਚ ਸਾਕਸ਼ੀ ਨੇ ਪਹਿਲਾ, ਮਨਮੋਹਕ ਨੇ ਦੂਜਾ ਅਤੇ ਦਸਵੀਂ ਦੀ ਜਸੀਦਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪੰਜਾਬੀ ਪਹਿਰਾਵੇ ਵਿੱਚ ਸਜ ਕੇ ਆਈਆਂ ਵਿਦਿਆਰਥਣਾਂ
ਤਰਨ ਤਾਰਨ (ਪੱਤਰ ਪ੍ਰੇਰਕ): ਮਾਤਾ ਸਾਹਿਬ ਕੌਰ ਮਾਰਡਨ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿੱਚ ਅੱਜ ਤੀਆਂ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਕੀਤੇ ਇਸ ਸਮਾਗਮ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਸਭਿਆਚਾਰ ਦੀਆਂ ਝਲਕਾਂ ਨੂੰ ਪੇਸ਼ ਕਰਦਾ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁਟਿਆਰਾਂ ਦਾ ਗਿਰਰ ਗਿੱਧਾ ਸ਼ਾਨਦਾਰ ਪੇਸ਼ਕਾਰੀ ਕਰ ਗਿਆ। ਲੜਕੀਆਂ ਵਲੋਂ ਪਹਿਨਿਆ ਪੰਜਾਬੀ ਪਹਿਰਾਵਾ ਆਪਣੇ ਆਪ ਵਿੱਚ ਇਕ ਪੰਜਾਬੀ ਸਭਿਆਚਾਰ ਦੀ ਸੁੰਦਰ ਝਲਕ ਪੇਸ਼ ਕਰਦਾ ਸੀ। ਸਮਾਗਮ ਵਿੱਚ ਕੋਮਲਪ੍ਰੀਤ ਕੌਰ ਅਤੇ ਰਮਨਪ੍ਰੀਤ ਕੌਰ ਨੂੰ ਮਿਸ ਪੰਜਾਬਣ ਦਾ ਖਿਤਾਬ ਦਿੱਤਾ ਗਿਆ।