ਨਿੱਜੀ ਪੱਤਰ ਪ੍ਰੇਰਕ
ਜਲੰਧਰ, 25 ਅਪਰੈਲ
ਕੋਵਿਡ ਨਿਯਮ ਤੋੜ ਕੇ ਵੱਧ ਬਰਾਤੀ ਲੈ ਕੇ ਪਹੁੰਚੇ ਲਾੜੇ ਅਤੇ ਉਸ ਦੇ ਪਿਤਾ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ। ਥਾਣਾ ਰਾਮਾਮੰਡੀ ਦੇ ਏਕਤਾ ਨਗਰ ਵਿੱਚ ਰਹਿਣ ਵਾਲੇ ਪਾਰਸ ਦੀ ਬਰਾਤ ਸ਼ਾਮੀ ਕਿਸ਼ਨਪੁਰਾ ਚੌਕ ਨੇੜੇ ਬ੍ਰਹਮਕੁੰਡ ਮੰਦਰ ਵਿੱਚ ਪਹੁੰਚੀ ਸੀ ਤੇ ਰਾਤ ਨੂੰ ਫੇਰੇ ਹੋਣੇ ਸਨ। ਬਰਾਤੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕਿਸੇ ਨੇ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ। ਪੁਲੀਸ ਨੇ ਲਾੜੇ ਤੇ ਉਸ ਦੇ ਪਿਤਾ ਨੂੰ ਕਾਬੂ ਕਰ ਕੇ ਤਿੰਨ ਨੰਬਰ ਥਾਣੇ ਲੈ ਗਈ। ਪੁਲੀਸ ਨੇ ਲਾੜੀ ਦੇ ਪਿਤਾ ਗੰਗੂ ਰਾਮ ਤੇ ਲਾੜੇ ਦੇ ਪਿਤਾ ਪ੍ਰੇਮ ਕੁਮਾਰ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਹੈ। ਜ਼ਿਕਰਯੋਗ ਹੈ ਵਿਆਹ ਵਿੱਚ 20 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ’ਤੇ ਰੋਕ ਲਾਈ ਹੋਈ ਹੈ। ਉਧਰ ਲਾੜੇ ਪਾਰਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਬਰਾਤ ਸਬੰਧੀ ਮਨਜ਼ੂਰੀ ਲਈ ਹੋਈ ਸੀ। ਬਾਅਦ ਵਿੱਚ ਪੁਲੀਸ ਵੱਲੋਂ ਸਾਰਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।