ਰਾਜਨ ਮਾਨ
ਮਜੀਠਾ, 19 ਜੁਲਾਈ
ਸੰਸਾਰ ਬੈਂਕ ਵੱਲੋਂ ਨਹਿਰੀ ਪਾਣੀ ’ਤੇ ਲਾਏ ਜਾ ਰਹੇ ਪ੍ਰਾਜੈਕਟ ਨੂੰ ਰੱਦ ਕਰਵਾਉਣ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ ਕਿਸਾਨਾਂ ਵੱਲੋਂ ਕੱਥੂਨੰਗਲ ਟੌਲ ਪਲਾਜ਼ਾ ’ਤੇ ਅੱਜ ਸੰਸਾਰ ਬੈਂਕ, ਮੋਦੀ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਦੀ ਅਰਥੀ ਸਾੜੀ ਗਈ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸੰਸਾਰ ਬੈਂਕ ਨੇ ਜੋ ਪਾਣੀ ਸਬੰਧੀ ਨੀਤੀ ਬਣਾਈ ਹੈ, ਉਹ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਹੈ। ਪਹਿਲਾਂ ਖੇਤੀ ਸੈਕਟਰ ਨੂੰ ਜੋ ਰਸਾਇਣਕ, ਵਪਾਰਕ ਖੇਤੀ ਮਾਡਲ ਦਿੱਤਾ ਉਸ ਨੇ ਜ਼ਮੀਨ ਦੀ ਉਪਜਾਊ ਸ਼ਕਤੀ ਹੀ ਨਹੀਂ ਸਗੋਂ ਪਾਣੀ ਵੀ ਗੰਧਲਾ ਕੀਤਾ ਹੈ। ਸੋ, ਸੰਸਾਰ ਬੈਂਕ ਵੱਲੋਂ ਜੋ ਮਜੂਦਾ ਸਮੇਂ ਜਿਹੜੇ ਪ੍ਰਾਜੈਕਟ ਨਹਿਰਾਂ ’ਤੇ ਲਾਏ ਜਾ ਰਹੇ ਹਨ, ਉਹ ਪੰਜਾਬ ਦੀ ਮਾਨ ਸਰਕਾਰ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾ ਕੇ ਰੱਦ ਕਰੇ, ਕੇਂਦਰ ਤੇ ਪੰਜਾਬ ਦੇ ਸਿਆਸੀ ਲੀਡਰ ਪਾਣੀਆਂ ਦੇ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਇਸ ’ਤੇ ਵੋਟਾਂ ਬਟੋਰਨ ਦੀ ਰਾਜਨੀਤੀ ’ਤੇ ਲੱਗੇ ਹੋਏ ਹਨ। ਅੰਮ੍ਰਿਤਸਰ ਦੇ ਪਿੰਡ ਵੱਲਾ ਵਿੱਚ 42 ਏਕੜ ਜ਼ਮੀਨ ’ਤੇ ਲੱਗ ਰਹੇ ਸੰਸਾਰ ਬੈਂਕ ਦੇ ਪਾਣੀ ਪ੍ਰਾਜੈਕਟ ’ਤੇ ਜਥੇਬੰਦੀ ਵੱਲੋਂ ਮੋਰਚਾ ਲਗਾਇਆ ਜਾਵੇਗਾ। ਮੋਦੀ ਸਰਕਾਰ ਵੱਲੋਂ ਬਣਾਈ ਗਈ ਐੱਮਐੱਸਪੀ ਲਈ ਕਮੇਟੀ ਦੇਸ਼ ਦੇ ਕਿਸਾਨਾਂ ਨਾਲ ਧੋਖਾ ਹੈ। ਇਸ ਦੇ ਚੇਅਰਮੈਨ ਸੰਜੇ ਅਗਰਵਾਲ ਤੇ ਰਮੇਸ਼ ਚੰਦ ਲਗਾਤਾਰ ਖੇਤੀ ਕਾਲੇ ਕਾਨੂੰਨਾਂ ਨੂੰ ਠੀਕ ਦੱਸਦੇ ਰਹੇ ਹਨ। ਇਨ੍ਹਾਂ ਵੱਲੋਂ ਐੱਸਐੱਸਪੀ ਦੀ ਗਾਰੰਟੀ ਲਈ ਕਨੂੰਨ ਬਣਾਉਣਾ ਕਿਸਾਨਾਂ ਨਾਲ ਧੋਖਾ ਹੈ। ਇਸ ਮੌਕੇ ਹਾਜ਼ਰ ਆਗੂ ਗੁਰਲਾਲ ਸਿੰਘ ਮਾਨ, ਬਲਦੇਵ ਸਿੰਘ ਬੱਗਾ, ਗੁਰਭੇਜ ਸਿੰਘ ਝੰਡੇ,ਕਿਧਾਰ ਸਿੰਘ ਭੋਏਵਾਲ, ਮੇਜ਼ਰ ਸਿੰਘ ਅਬਦੁਲ, ਸੁਖਦੇਵ ਸਿੰਘ ਕਾਜੀਕੋਟ,ਟੇਕ ਸਿੰਘ ਝੰਡੇ, ਬਲਵਿੰਦਰ ਸਿੰਘ ਕਲੇਰ ਵੀ ਹਾਜ਼ਰ ਸਨ।