ਗੁਰਦੇਵ ਸਿੰਘ ਗਹੂੰਣ
ਬਲਾਚੌਰ, 11 ਜਨਵਰੀ
ਸੀਟੂ ਵਲੋਂ ਬੀਤੇ ਦਿਨ ਕਿਸਾਨੀ ਸੰਘਰਸ਼ ਨਾਲ ਇੱਕਮੁੱਠਤਾ ਜ਼ਾਹਰ ਕਰਨ ਹਿਤ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ-ਮਜ਼ਦੂਰ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਭਰ ਵਿੱਚ ਜ਼ਿਲ੍ਹਾ ਸਦਰ ਮੁਕਾਮਾਂ ‘ਤੇ ਰੋਸ ਮਾਰਚ ਕਰਕੇ ਜੇਲ੍ਹ ਭਰੋ ਅੰਦੋਲਨ ਨੂੰ ਸਫਲ ਬਣਾਉਣ ਲਈ ਸੀਟੂ ਦੇ ਸੂਬਾਈ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ ਨੇ ਆਂਗਨਵਾੜੀ,ਆਸ਼ਾ, ਮਨਰੇਗਾ ਵਰਕਰਾਂ, ਉਸਾਰੀ ਅਤੇ ਭੱਠਾ ਮਜ਼ਦੂਰਾਂ, ਫੈਕਟਰੀ ਮਜ਼ਦੂਰਾਂ, ਕਿਰਤੀ-ਕਾਮਿਆਂ, ਰੋਡਵੇਜ਼, ਪਨਬਸ, ਪੇਂਡੂ ਚੌਕੀਦਾਰਾਂ ਅਤੇ ਠੇਕਾ ਆਧਾਰਿਤ ਵੱਖ-ਵੱਖ ਸਕੀਮ ਵਰਕਰਾਂ ਸਮੇਤ ਮਜ਼ਦੂਰ ਜਮਾਤ ਨੂੰ ਇਨਕਲਾਬੀ ਵਧਾਈ ਦਿੱਤੀ। ਕਾਮਰੇਡ ਰੌੜੀ ਨੇ ਸਮੂਹ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਸੀਟੂ ਦੀ ਕੇਂਦਰੀ ਕਮੇਟੀ ਵਲੋਂ ਕਿਸਾਨ ਸੰਘਰਸ਼ ਨੂੰ ਜਿੱਤ ਤੱਕ ਲੈ ਜਾਣ ਲਈ ਜੋ ਵੀ ਸੱਦਾ ਆਵੇ, ਉਸ ਨੂੰ ਨੇਪਰੇ ਚੜ੍ਹਾਉਣ ਲਈ ਤਤਪਰ ਰਹਿਣ।
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਲੋਂ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨ ਰੱਦ ਨਾ ਕਰਨ ਅਤੇ ਕਿਸਾਨ ਅੰਦੋਲਨ ਨੂੰ ਨਜ਼ਰਅੰਦਾਜ ਕਰਨ ਦੇ ਮੋਦੀ ਸਰਕਾਰ ਦੇ ਤਾਨਾਸ਼ਾਹੀ ਫੈਸਲੇ ਖਿਲਾਫ ਅੱਜ ਕੰਪਨੀ ਬਾਗ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਤਰਕਸ਼ੀਲ ਆਗੂ ਜਸਪਾਲ ਬਾਸਰਕਾ ਨੇ ਕੀਤੀ। ਇਸ ਮੌਕੇ ਮੋਦੀ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਵਧ ਲੋਕ ਵਿਰੋਧੀ ਅਤੇ ਸੰਵੇਦਨਹੀਣ ਸਰਕਾਰ ਕਰਾਰ ਦਿੱਤਾ। ਤਰਕਸ਼ੀਲ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਕਿਸਾਨ ਅੰਦੋਲਨ ਵਿਚ ਹੁਣ ਤਕ 70 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ।
ਪਠਾਨਕੋਟ (ਐੱਨਪੀ ਧਵਨ): ਸ਼ਾਹਪੁਰਕੰਡੀ ਖੇਤਰ ਦੇ ਕਿਸਾਨਾਂ ਨੇ ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਦੀ ਅਗਵਾਈ ਵਿੱਚ ਥਰਿਆਲ ਚੌਕ ਵਿੱਚ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਲੈ ਕੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਮੁਕੇਰੀਆਂ (ਜਗਜੀਤ ਸਿੰਘ): ਕਿਸਾਨਾਂ ਦੇ ਹੱਕ ਵਿੱਚ ਅਤੇ ਕਾਲੇ ਕਾਨੂੰਨਾਂ ਖਿਲਾਫ਼ ਪਿੰਡ ਕਾਲੂ ਚਾਂਗ ਵਿਖੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਗੁਰਮੁੱਖ ਸਿੰਘ, ਰਵੀ ਕੁਮਾਰ, ਜਸਵੀਰ ਸਿੰਘ ਪੰਚ, ਕਮਲਦੀਪ, ਪੰਚ ਸਰਵਜੀਤ ਸਿੰਘ ਅਤੇ ਗੁਲਜ਼ਾਰ ਸਿੰਘ ਨੇ ਕੀਤੀ ਹੈ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ।
ਰਿਲਾਇੰਸ ਮਾਲ ਤੇ ਟੌਲ ਪਲਾਜ਼ਿਆਂ ’ਤੇ ਡਟੇ ਰਹੇ ਕਿਸਾਨ
ਗੜ੍ਹਸ਼ੰਕਰ (ਜੇ.ਬੀ.ਸੇਖੋਂ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਅਹੁਦੇਦਾਰ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਗੁਰਨੇਕ ਸਿੰਘ ਭੱਜਲ ਦੀ ਅਗਵਾਈ ਹੇਠ ਸਥਾਨਕ ਸ੍ਰੀ ਆਨੰਦਪੁਰ ਸਾਹਿਬ ਰੋਡ ’ਤੇ ਰਿਲਾਇੰਸ ਮਾਲ ਅੱਗੇ ਕਿਸਾਨਾਂ ਵੱਲੋਂ ਲਗਾਇਆ ਧਰਨਾ ਅੱਜ 87ਵੇਂ ਦਿਨ ਵਿੱਚ ਦਾਖਲ ਹੋ ਗਿਆ। ਅੱਜ ਦੇ ਧਰਨੇ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਹਰਸ਼ਰਨ ਸਿੰਘ ਭਾਤਪੁਰੀ, ਦਰਸ਼ਨ ਮੱਟੂ, ਗੁਰਨੇਕ ਭੱਜਲ ਅਤੇ ਹੋਰਨਾਂ ਨੇ ਕੀਤੀ। ਇਸ ਮੌਕੇ ਬੀਬੀ ਸੁਭਾਸ਼ ਮੱਟੂ, ਅਵਤਾਰ ਦੇਣੋਵਾਲ,ਹਰਭਜਨ ਗੁੱਲਪੁਰ,ਕਸ਼ਮੀਰ ਭੱਜਲ ਆਦਿ ਆਗੂਆਂ ਨੇ ਦਿੱਲੀ ਵਿੱਚ 26 ਜਨਵਰੀ ਨੂੰ ਹੋਣ ਜਾ ਰਹੇ ਕਿਸਾਨ ਟਰੈਕਟਰ ਮਾਰਚ ਲਈ ਕਿਸਾਨਾਂ ਨੂੰ ਲਾਮਵੰਦ ਕੀਤਾ।
ਕਾਂਗਰਸ ਮਹਿਲਾ ਵਰਕਰਾਂ ਨੇ ਕਿਸਾਨਾਂ ਦੇ ਹੱਕ ’ਚ ਜਾਗੋ ਕੱਢੀ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਚੱਬੇਵਾਲ ਕਾਂਗਰਸ ਦੇ ਮਹਿਲਾ ਵਿੰਗ ਵਲੋਂ ਸੋਨੀਆ ਦੀ ਅਗਵਾਈ ਹੇਠ ਜਾਗੋ ਕੱਢੀ। ਇਸ ਵਿਚ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਮੁੱਖ ਮਹਿਮਾਨ ਵਜੋਂ ਸ਼ਰੀਕ ਹੋਏ। ਜਾਗੋ ਵਿਚ ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ ਮੈਂਬਰਾਂ, ਕਾਂਗਰਸੀ ਅਹੁਦੇਦਾਰਾਂ ਅਤੇ ਕਿਸਾਨ ਪਰਿਵਾਰਾਂ ਦੀਆਂ ਮਹਿਲਾਵਾਂ ਨੇ ਭਾਗ ਲਿਆ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਵਲੋਂ ਮਿੰਨੀ ਸਕੱਤਰੇਤ ਦੇ ਨੇੜੇ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਦਿਨ ਰਾਤ ਦਿੱਤਾ ਜਾ ਰਿਹਾ ਧਰਨਾ ਅੱਜ 62ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਭਾਜਪਾ ਨੇਤਾਵਾਂ ਵਲੋਂ ਕਿਸਾਨਾਂ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਨਿੰਦਾ ਕੀਤੀ। ਧਰਨੇ ਵਿਚ ਹੋਰਨਾਂ ਤੋਂ ਇਲਾਵਾ ਕਾਮਰੇਡ ਗੁਰਮੇਸ਼ ਸਿੰਘ, ਰਮੇਸ਼ ਚੰਦਰ ਸਿੰਘਪੁਰ, ਕਰਨ ਸਿੰਘ ਜਿਆਣ, ਮਲਕੀਤ ਸਿੰਘ, ਜੋਗਿੰਦਰ ਸਿੰਘ, ਬਲਰਾਜ ਸਿੰਘ ਬੈਂਸ ਆਦਿ ਸ਼ਾਮਿਲ ਸਨ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਲਾਚੋਵਾਲ ਟੋਲ ਪਲਾਜ਼ਾ ’ਤੇ ਦਿੱਤਾ ਜਾ ਰਿਹਾ ਧਰਨਾ ਅੱਜ 96ਵੇਂ ਦਿਨ ਵਿਚ ਦਾਖਲ ਹੋ ਚੁੱਕਿਆ ਹੈ। ਧਰਨੇ ਨੂੰ ਕਿਸਾਨ ਆਗੂ ਗੁਰਦੀਪ ਸਿੰਘ ਖੁਣ-ਖੁਣ ਅਤੇ ਉਂਕਾਰ ਸਿੰਘ ਧਾਮੀ ਨੇ ਸੰਬੋਧਨ ਕੀਤਾ।
ਸਰਹੱਦੀ ਖੇਤਰ ਦੇ ਕਿਸਾਨਾਂ ਵੱਲੋਂ ਮਾਰਚ ਦੀ ਰਿਹਰਸਲ
ਤਰਨ ਤਾਰਨ (ਗੁਰਬਖ਼ਸ਼ਪੁਰੀ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਉਣ ਲਈ 26 ਜਨਵਰੀ ਨੂੰ ਦਿੱਲੀ ਵਿੱਚ ਕੀਤੇ ਜਾਣ ਵਾਲੀ ਟਰੈਕਟਰ ਪਰੇਡ ਲਈ ਅੱਜ ਸਰਹੱਦੀ ਖੇਤਰ ਦੇ ਵੱਡੀ ਗਿਣਤੀ ਕਿਸਾਨਾਂ ਵਲੋਂ ਝਬਾਲ ਤੋਂ ਸ਼ੁਰੂ ਕਰਕੇ ਕਈ ਪਿੰਡਾਂ ਤੱਕ ਜਾ ਕੇ ਗੁਰਦੁਆਰਾ ਬੀੜ ਬਾਬਾ ਬੁੱਢ਼ਾ ਸਾਹਿਬ ਤੱਕ ਇਕ ਟਰੈਕਟਰ ਰਿਹਰਸਲ ਮਾਰਚ ਕੀਤਾ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਕੀਤੇ ਇਸ ਮਾਰਚ ਦੀ ਅਗਵਾਈ ਜਥੇਬੰਦੀ ਦੇ ਆਗੂ ਜਰਨੈਲ ਸਿੰਘ ਨੂਰਦੀ, ਕੁਲਵਿੰਦਰ ਸਿੰਘ ਕੈਰੋਵਾਲ, ਬਲਜੀਤ ਸਿੰਘ ਬਘੇਲਸਿੰਘਵਾਲਾ ਆਦਿ ਨੇ ਕੀਤੀ| ਆਗੂਆਂ ਨੇ ਕੇਂਦਰ ਸਰਕਾਰ ਵਲੋਂ ਬਾਰ ਬਾਰ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਲਈ ਬੁਲਾ ਕੇ ਮਾਮਲੇ ਨੂੰ ਲਟਕਾਉਣ ਦੀਆਂ ਕੀਤੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ। ਆਗੂਆਂ ਕਿਹਾ ਕਿ ਦਿੱਲੀ ਵਿੱਚ 26 ਜਨਵਰੀ ਦੇ ਮਾਰਚ ਲਈ ਇਲਾਕੇ ਵਿੱਚੋਂ ਕਿਸਾਨਾਂ ਦੇ ਟਰੈਕਟਰਾਂ ਦੇ ਕਾਫਲੇ 20 ਜਨਵਰੀ ਨੂੰ ਰਵਾਨਾ ਹੋਣਗੇ| ਅੱਜ ਦਾ ਇਹ ਰਿਹਰਸਲ ਮਾਰਚ ਝਬਾਲ ਤੋਂ ਹੁੰਦਾ ਹੋਇਆ ਮੀਰਪੁਰ, ਮੱਜੂਪੁਰ, ਪੰਜਵੜ੍ਹ, ਭੋਜੀਆਂ, ਕੋਟ ਧਰਮ ਚੰਦਾ ਕਲਾਂ, ਬਘੇਲਸਿੰਘਵਾਲਾ, ਝਬਾਲ-ਮੰਨਣ ਤੱਕ ਗਿਆ ਅਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜਾ ਕੇ ਸੰਪੰਨ ਹੋਇਆ| ਇਕ ਅਨੁਮਾਨ ਅਨੁਸਾਰ ਇਲਾਕੇ ਵਿੱਚੋਂ 4000 ਟਰੈਕਟਰ ਦੇ ਦਿੱਲੀ ਲਈ ਰਵਾਨਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।