ਦਲੇਰ ਸਿੰਘ ਚੀਮਾ
ਭੁਲੱਥ, 22 ਜਨਵਰੀ
ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾਈ ਆਗੂ ਸ਼ਿਵੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਦਿੱਲੀ ਧਰਨੇ ਅਤੇ 26 ਜਨਵਰੀ ਨੂੰ ਕੱਢੀ ਜਾ ਰਹੀ ਕਿਸਾਨ ਪਰੇਡ ਵਿਚ ਸ਼ਾਮਲ ਹੋਣ ਲਈ 51 ਟਰੈਕਟਰਾਂ ਸਮੇਤ ਸੈਂਕੜੇ ਕਿਸਾਨਾਂ ਦਾ ਕਾਫਲਾ ਰਵਾਨਾ ਹੋ ਗਿਆ। ਬਲਾਕ ਪ੍ਰਧਾਨ ਨਡਾਲਾ ਨਿਸ਼ਾਨ ਸਿੰਘ ਇਬਰਾਹੀਮਵਾਲ ਤੇ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਦੇ ਉਪਰਾਲੇ ਨਾਲ ਕਾਫਲਾ ਰਵਾਨਾ ਕਰਨ ਸਮੇਂ ਮੋਦੀ ਸਰਕਾਰ ਦਾ ਸਿਆਪਾ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਥੋਂ ਨੇੜਲੇ ਪਿੰਡ ਖੱਸਣ ਵਿਚ ਆਲੇ ਦੁਆਲੇ ਦੇ ਪਿੰਡਾਂ ਦੇ ਮੋਹਤਬਰ ਕਿਸਾਨ ਤੇ ਮਜ਼ਦੂਰ ਇਕੱਠੇ ਹੋਏ ਜਿਸ ਵਿਚ 26 ਜਨਵਰੀ ਨੂੰ ਦਿੱਲੀ ਬਾਰਡਰ ’ਤੇ ਪਹੁੰਚਣ ਲਈ ਪ੍ਰੋਗਰਾਮ ਉਲੀਕਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਥਾਪਰ ਨੇ ਦੱਸਿਆ ਅੱਜ ਨੰਬਰਦਾਰਾਂ, ਸਰਪੰਚਾਂ ਤੇ ਪੰਚਾਂ ਤੇ ਹੋਰ ਪਤਵੰਤਿਆਂ ਦੀ ਮੀਟਿੰਗ ਹੋਈ ਜਿਸ ਵਿੱਚ ਵਿਚਾਰ ਵਟਾਂਦਰਾ ਕਰਦਿਆਂ ਇਹ ਗੱਲ ਸਾਫ ਕੀਤੀ ਗਈ ਕਿ ਇਹ ਕਾਲੇ ਕਾਨੂੰਨ ਸਿਰਫ਼ ਕਿਸਾਨਾਂ ਨੂੰ ਪ੍ਰਭਾਵਿਤ ਨਹੀਂ ਕਰਦੇ ਇਹ ਮਜ਼ਦੂਰ ਜਮਾਤ, ਦੁਕਾਨਦਾਰਾਂ ਨੂੰ ਵੀ ਸਿਧੇ ਤੌਰ ਪ੍ਰਭਾਵਿਤ ਕਰਨਗੇ।
ਅਜਨਾਲਾ (ਅਸ਼ੋਕ ਸ਼ਰਮਾ): 26 ਜਨਵਰੀ ਨੂੰ ਟਰੈਕਟਰ ਮਾਰਚ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਿੱਲੀ ਨੂੰ ਟਰੈਕਟਰਾਂ ਦਾ ਇਕ ਕਾਫਲਾ ਰਵਾਨਾ ਕੀਤਾ ਗਿਆ। ਇਹ ਕਾਫਲਾ ਕਸਬਾ ਰਮਦਾਸ ਤੋਂ ਸ਼ੁਰੂ ਹੋ ਕੇ ਦਰਜਨਾਂ ਪਿੰਡਾਂ ਵਿਚੋਂ ਹੁੰਦਾ ਹੋਇਆ ਵਾਇਆ ਅਜਨਾਲਾ ਅੰਮ੍ਰਿਤਸਰ ਦਿੱਲੀ ਨੂੰ ਰਵਾਨਾ ਹੋਇਆ।
ਅਟਾਰੀ (ਦਿਲਬਾਗ ਸਿੰਘ ਗਿੱਲ): ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਅੱਜ ਅਟਾਰੀ ਦਾਣਾ ਮੰਡੀ ਤੋਂ ਟਰੈਕਟਰ, ਕਾਰ ਅਤੇ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਮੌਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਟਰੈਕਟਰ ਰੈਲੀ ਵਿੱਚ ਸਰਹੱਦੀ ਖੇਤਰ ਆਟਾਰੀ ਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਆਟਾਰੀ ਤੋਂ ਆਰੰਭ ਹੋਈ ਟਰੈਕਟਰ ਘਰਿੰਡਾ, ਖਾਸਾ, ਇੰਡੀਆ ਗੇਟ, ਮਾਹਲ, ਰਾਮ ਤੀਰਥ, ਖਿਆਲਾ, ਬਰਾੜ, ਕੋਲੋਵਾਲ, ਨੂਰਪੁਰ, ਪੱਧਰੀ, ਘਰਿੰਡਾ ਤੋਂ ਹੁੰਦੀ ਹੋਈ ਅਟਾਰੀ ਵਿਖੇ ਸਮਾਪਤ ਹੋਈ।
ਖਾਲਸਾ ਕਾਲਜ ਵਿੱਚ ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ ਲਈ ਅਰਦਾਸ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧ ਹੇਠ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੀ ਅਗਵਾਈ ਵਿੱਚ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਗੁਰਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ ਅਤੇ ਭਵਿੱਖ ਵਿੱਚ ਕਿਸੇ ਵੀ ਸਰਕਾਰੀ ਬਿਪਤਾ ਨਾਲ ਨਜਿੱਠਣ ਲਈ ਨੌਜਵਾਨ ਵਿਦਿਆਰਥੀਆਂ ਸੁਚੇਤ ਕੀਤਾ। ਇਸ ਮੌਕੇ ਪ੍ਰੋ.ਆਤਮਾ ਸਿੰਘ (ਡਾ), ਪ੍ਰੋ. ਸਤਨਾਮ ਸਿੰਘ, ਪ੍ਰੋ. ਅਜੈਪਾਲ ਸਿੰਘ, ਪ੍ਰੋ. ਹਰਮੀਤ ਕੌਰ, ਪ੍ਰੋ. ਹਰਜੀਤ ਕੌਰ, ਪ੍ਰੋ.ਮਨਜੀਤ ਕੌਰ, ਪ੍ਰੋ.ਮਨਦੀਪ ਕੌਰ, ਪ੍ਰੋ.ਅਮਨਪ੍ਰੀਤ ਕੌਰ, ਪ੍ਰੋ. ਸੰਦੀਪ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
ਆੜ੍ਹਤੀਆਂ ਵਲੋਂ ਟਰੈਕਟਰ ਪਰੇਡ ‘ਚ ਸ਼ਾਮਲ ਹੋਣ ਦਾ ਐਲਾਨ
ਤਰਨ ਤਾਰਨ (ਗੁਰਬਖ਼ਸ਼ਪੁਰੀ): ਇਥੋਂ ਦੀ ਦਾਣਾ ਮੰਡੀ ਦੇ ਸਮੂਹ ਆੜ੍ਹਤੀਆਂ ਨੇ ਗਣਤੰਤਰ ਦਿਵਸ ਮੌਕੇ ਰੋਸ ਦੇ ਤੌਰ ਤੇ ਤਿੰਨ ਦਿਨ ਲਈ ਮੰਡੀ ਦਾ ਕਾਰੋਬਾਰ ਬੰਦ ਰੱਖਣ ਦਾ ਨਿਰਣਾ ਲਿਆ ਹੈ| ਇਸ ਸਬੰਧੀ ਮੰਡੀ ਦੇ ਆੜ੍ਹਤੀਆਂ ਦੀ ਇਕ ਮੀਟਿੰਗ ਅੱਜ ਇਥੇ ਦਾਣਾ ਮੰਡੀ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਦੇਊ ਦੀ ਪ੍ਰਧਾਨਗੀ ਹੇਠ ਕੀਤੀ ਗਈ| ਮੀਟਿੰਗ ਵਿੱਚ ਅੰਦੋਲਨ ਕਰਦੇ ਕਿਸਾਨਾਂ ਦੀ ਆਵਾਜ਼ ਨਾਲ ਸੁਰ ਮਿਲਾਉਂਦਿਆਂ ਆੜ੍ਹਤੀਆਂ ਨੇ 25, 26 ਅਤੇ 27 ਜਨਵਰੀ ਨੂੰ ਮੰਡੀ ਬੰਦ ਕਰਕੇ ਸਾਧਨਾਂ ਰਾਹੀਂ ਦਿੱਲੀ ਦੇ ਸਿੰਘੁੂ ਬੈਰੀਅਰ ਤੇ ਵੱਡੀ ਗਿਣਤੀ ਵਿੱਚ ਪਹੁੰਚ ਤੇ ਟਰੈਕਟਰ ਰੈਲੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ|