ਗੁਰਬਖਸ਼ਪੁਰੀ
ਤਰਨ ਤਾਰਨ, 1 ਸਤੰਬਰ
ਕੌਮੀ ਸ਼ਾਹ ਮਾਰਗ ਨੰਬਰ 54 ’ਤੇ ਉਸਮਾਂ ਟੌਲ ਪਲਾਜ਼ਾ ’ਤੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਦੇ ਰਹੇ ਕਿਸਾਨਾਂ ਨੇ ਅੱਜ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ’ਤੇ ਜੁਲਮਾਨਾ ਲਾਠੀਚਾਰਜ ਕੀਤੇ ਜਾਣ ਖ਼ਿਲਾਫ਼ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਅਰਥੀਆਂ ਸਾੜੀਆਂ| ਟੌਲ ਪਲਾਜ਼ਾ ’ਤੇ ਇਲਾਕੇ ਦੇ ਕਿਸਾਨ ਬੀਤੇ ਨੌਂ ਮਹੀਨਿਆਂ (270 ਦਿਨਾਂ) ਤੋਂ ਲੜੀਵਾਰ ਧਰਨਾ ਦੇ ਰਹੇ| ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਕਿਸਾਨਾਂ ਨੇ ਇਥੇ ਇਕ ਵਿਸ਼ਾਲ ਰੈਲੀ ਕੀਤੀ ਅਤੇ ਆਗੂਆਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ਵੱਲੋਂ ਕਿਸਾਨ ਅੰਦੋਲਨ ਨੂੰ ਅਸਫਲ ਬਨਾਉਣ ਲਈ ਚੱਲੀਆਂ ਜਾ ਰਹੀਆਂ ਚਾਲਾਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ| ਜਥੇਬੰਦੀ ਦੇ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਦੁਗਲਵਾਲਾ ਦੀ ਅਗਵਾਈ ਹੇਠ ਕਿਸਾਨਾਂ ਉਤੇ ਕੀਤੇ ਅੰਨ੍ਹੇ ਲਾਠੀਚਾਰਜ ਦੇ ਵਿਰੋਧ ਵਿੱਚ ਖੱਟਰ ਤੇ ਮੋਦੀ ਸਰਕਾਰ ਦਾ ਪੁਤਲਾ ਫੁਕਦਿਆਂ ਕਿਸਾਨਾਂ ਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਕੀਤੀ|
ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸਤਨਾਮ ਸਿੰਘ ਮਾਣੋਚਾਹਲ, ਫਤਿਹ ਸਿੰਘ ਪਿੱਦੀ ਸਮੇਤ ਹੋਰਨਾਂ ਨੇ ਸੰਬੋਧਨ ਕਰਦਿਆਂ ਸਰਕਾਰਾਂ ਦੀਆਂ ਦਮਨਕਾਰੀ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਹੋਰ ਸੁਚੇਤ ਰਹਿਣ ਦੀ ਅਪੀਲ ਕੀਤੀ। ਰੈਲੀ ਵਿੱਚ ਸ਼ਾਮਲ ਕਿਸਾਨਾਂ-ਮਜ਼ਦੂਰਾਂ ਨੂੰ ਬਲਜਿੰਦਰ ਸਿੰਘ ਸ਼ੇਰੋਂ, ਅਮਨਦੀਪ ਸਿੰਘ, ਫਤਿਹ ਸਿੰਘ ਪੰਨੂ, ਸੁਖਦੇਵ ਸਿੰਘ ਸ਼ਹਾਬਪੁਰ, ਦਰਸ਼ਨ ਸਿੰਘ ਅਲਾਵਲਪੁਰ, ਬੂਟਾ ਸਿੰਘ ਸੰਘਾ, ਗੁਰਬਾਜ਼ ਸਿੰਘ ਰੈਸੀਆਣਾ ਨੇ ਵੀ ਸੰਬੋਧਨ ਕੀਤਾ।
ਮਾਨਸਰ (ਪੱਤਰ ਪ੍ਰੇਰਕ) ਇਥੇ ਟੌਲ ਪਲਾਜ਼ਾ ਮਾਨਸਰ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹੋਰ ਮੰਗਾਂ ਮਨਵਾਉਣ ਲਈ ਲਾਇਆ ਧਰਨਾ ਅੱਜ 326 ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਕੇਂਦਰ ਦੀ ਮੋਦੀ ਤੇ ਖੱਟਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੰਬੋਧਨ ਕਰਦਿਆਂ ਬਲਜੀਤ ਸਿੰਘ ਛੰਨੀਨੰਦ ਸਿੰਘ, ਰਵਿੰਦਰ ਰਵੀ, ਮਾਸਟਰ ਸਵਰਨ ਸਿੰਘ, ਨਰਿੰਦਰ ਸਿੰਘ ਗੋਲੀ ਨੇ ਹਰਿਆਣਾ ਦੀ ਕਰਨਾਲ ਪੁਲੀਸ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ ਕਰਨ ਦੀ ਤਿੱਖੇ ਸਬਦਾਂ ਵਿੱਚ ਨਿਖੇਧੀ ਕੀਤੀ ਤੇ ਕਿਹਾ ਕਿ ਅਜਿਹੀਆਂ ਕਰਵਾਈਆਂ ਨਾਲ ਕਿਸਾਨਾਂ ਦਾ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ। ਉਨ੍ਹਾਂ ਕਿਹਾ ਕਿ ਕਰਨਾਲ ’ਚ ਭਾਜਪਾ ਨੇਤਾਵਾਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੁਲੀਸ ਵੱਲੋਂ ਲਾਠੀਆਂ ਵਰ੍ਹਾਉਣ ਦੀ ਘਟਨਾ ਨੇ ਜੱਲ੍ਹਿਆਂਵਾਲਾ ਬਾਗ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਰਤਾਨਵੀ ਪੁਲੀਸ ਨੇ ਵੀ ਨਿਹੱਥੇ ਲੋਕਾਂ ’ਤੇ ਗੋਲੀਆਂ ਚਲਾਈਆਂ ਸਨ ਤੇ ਹੁਣ ਕਰਨਾਲ ’ਚ ਵੀ ਨਿਹੱਥੇ ਕਿਸਾਨਾਂ ’ਤੇ ਲਾਠੀਚਾਰਜ ਤੇ ਪਥਰਾਅ ਕੀਤਾ ਗਿਆ ਤੇ ਜਨਰਲ ਡਾਇਰ ਵਾਂਗ ਐੱਸਡੀਐੱਮ ਨੇ ਪੁਲੀਸ ਨੂੰ ਲੋਕਾਂ ਦੇ ਸਿਰ ਤੋੜਨ ਦੇ ਆਦੇਸ਼ ਦਿੱਤੇ।
ਜੀਓ ਰਿਲਾਇੰਸ ਦਫ਼ਤਰ ਅੱਗੇ ਕਿਸਾਨਾਂ ਦਾ ਧਰਨਾ
ਹੁਸ਼ਿਆਰਪੁਰ (ਪੱਤਰ ਪ੍ਰੇਰਕ) ਮਿੰਨੀ ਸਕੱਤਰੇਤ ਨੇੜੇ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਕਿਸਾਨਾਂ ਦਾ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਹੈ। ਅੱਜ ਧਰਨੇ ਦੇ 294ਵੇਂ ਦਿਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਤੇ ਸੂਬਾ ਸਰਕਾਰਾਂ ਦਾ ਕਿਸਾਨੀ ਸੰਘਰਸ਼ ਪ੍ਰਤੀ ਅਖਤਿਆਰ ਕੀਤਾ ਰਵੱਈਆ ਆਰ.ਐੱਸ.ਐੱਸ ਦੀ ਸਾਜਿਸ਼ ਸਾਬਿਤ ਕਰਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਦੇਸ਼ ਅੰਦਰ ਤਣਾਅ ਪੈਦਾ ਕਰਨ ਵਾਲੇ ਮਾਹੌਲ ਸਿਰਜਣਾ ਚਾਹੁੰਦੀਆਂ ਹਨ ਪਰ ਦੇਸ਼ ਦੇ ਲੋਕ ਭਾਜਪਾ ਤੇ ਆਰ.ਐੱਸ.ਐੱਸ ਦੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਲਾਗੂ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਨੂੰ ਗੁਰਮੇਸ਼ ਸਿੰਘ, ਮਾਸਟਰ ਦਵਿੰਦਰ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲਾ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਮੀਤ ਸਿੰਘ, ਰਾਮ ਲੁਭਾਇਆ ਆਦਿ ਨੇ ਸੰਬੋਧਨ ਕੀਤਾ।
ਕਿਸਾਨ ਜਥੇਬੰਦੀ ਵੱਲੋਂ ਹਸਪਤਾਲ ਨਾਲ ਸਬੰਧਿਤ ਮੰਗਾਂ ਸਬੰਧੀ ਧਰਨਾ
ਤਰਨ ਤਰਨ (ਪੱਤਰ ਪ੍ਰੇਰਕ) ਪੰਜਾਬ ਬਾਰਡਰ ਏਰੀਆ ਕਿਸਾਨ ਵੈੱਲਫੇਅਰ ਸੁਸਾਇਟੀ ਵੱਲੋਂ ਸਰਹੱਦੀ ਕਸਬਾ ਖੇਮਕਰਨ ਦੇ ਸਮੂਹਿਕ ਸਿਹਤ ਕੇਂਦਰ ਵਿੱਚ ਡਾਕਟਰਾਂ ਦੀ ਪੂਰੀ ਤਰ੍ਹਾਂ ਨਾਲ ਅਨਹੋਂਦ ਖ਼ਿਲਾਫ਼ ਮੰਗਲਵਾਰ ਤੋਂ ਸਿਹਤ ਕੇਂਦਰ ਅੱਗੇ ਸ਼ੁਰੂ ਕੀਤਾ ਧਰਨਾ ਅੱਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਦੀ ਮੰਗ ਵੱਲ ਬਣਦਾ ਧਿਆਨ ਦੇਣ ਦੇ ਵਿਸ਼ਵਾਸ ਮਗਰੋਂ ਖਤਮ ਕਰ ਦਿੱਤਾ ਗਿਆ| ਸੁਸਾਇਟੀ ਨੇ ਹਸਪਤਾਲ ਲਈ ਸਰਕਾਰ ਵਲੋਂ ਭੇਜੀਆਂ ਜਾਂਦੀਆਂ ਦਵਾਈਆਂ ਸਟਾਫ਼ ਵੱਲੋਂ ਬਾਹਰ ਖੁੱਲ੍ਹੇ ਵਿੱਚ ਵੇਚਣ ਦੇ ਵੀ ਦੋਸ਼ ਲਗਾਏ ਅਤੇ ਹਸਪਤਾਲ ਵਿੱਚ ਸਫ਼ਾਈ ਨਾ ਹੋਣ ਕਾਰਨ ਗੰਦਗੀ ਦਾ ਢੇਰ ਚੁੱਕਣ ’ਤੇ ਵੀ ਜ਼ੋਰ ਦਿੱਤਾ| ਧਰਨੇ ਵਿੱਚ ਸ਼ਾਮਲ ਨਗਰ ਤੇ ਆਸ ਪਾਸ ਦੇ ਪਿੰਡਾਂ ਦੇ ਵਸਨੀਕਾਂ ਨੂੰ ਜਥੇਬੰਦੀ ਦੇ ਪ੍ਰਧਾਨ ਰਘਬੀਰ ਸਿੰਘ ਭੰਗਾਲਾ, ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ, ਸਤਨਾਮ ਸਿੰਘ ਕਾਲੇਕੇ, ਮਲਕੀਤ ਸਿੰਘ, ਸਵਰਨ ਸਿੰਘ ਮਾਛੀਕੇ ਸਮੇਤ ਹੋਰਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਕੇਂਦਰ ਵਿੱਚ ਇਕ ਵੀ ਡਾਕਟਰ ਨਾ ਹੋਣ ਕਰਕੇ ਅਤੇ ਸਾਲਾਂ ਤੋਂ ਹਗਾਮੀ ਸੇਵਾਵਾਂ ਠੱਪ ਹੋਣ ਕਰਕੇ ਰਾਤ ਵੇਲੇ ਗਰੀਬ ਲੋਕਾਂ ਨੂੰ ਅੰਮ੍ਰਿਤਸਰ ਆਦਿ ਦੇ ਦੂਰ ਦੁਰੇਡੇ ਥਾਵਾਂ ’ਤੇ ਇਲਾਜ਼ ਕਰਵਾਉਣ ਲਈ ਜਾਣਾ ਪੈਂਦਾ ਹੈ|