ਪੱਤਰ ਪ੍ਰੇਰਕ
ਪਠਾਨਕੋਟ, 28 ਅਗਸਤ
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਗਦੇ ਚੱਕੀ ਦਰਿਆ ਦੇ ਪਾਣੀ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਨਰਾਇਣਪੁਰ ਦੇ ਇੱਕ ਕਿਸਾਨ ਸੋਹਨ ਸਿੰਘ ਪੁੱਤਰ ਜਗਦੇਵ ਸਿੰਘ ਦੀ ਰੁੜ੍ਹ ਜਾਣ ਨਾਲ ਮੌਤ ਹੋ ਗਈ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਨੂਰਪੁਰ ਹਸਪਤਾਲ ਵਿੱਚੋਂ ਪੋਸਟ ਮਾਰਟਮ ਕਰਵਾਉਣ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਇਹ ਜਾਣਕਾਰੀ ਦਿੰਦੇ ਹੋਏ ਨੂਰਪੁਰ ਦੇ ਥਾਣਾ ਮੁਖੀ ਠਾਕੁਰ ਕਲਿਆਣ ਸਿੰਘ ਨੇ ਦੱਸਿਆ ਕਿ ਸੋਹਨ ਸਿੰਘ ਆਪਣੇ ਖੇਤਾਂ ਵਿੱਚ ਰਾਤ ਦੇ ਸਮੇਂ ਆਪਣੀ ਫਸਲ ਦੀ ਦੇਖਰੇਖ ਕਰਨ ਗਿਆ ਸੀ। ਰਸਤੇ ਵਿੱਚ ਪੈਂਦੇ ਚੱਕੀ ਦਰਿਆ ਵਿੱਚ ਸੋਹਨ ਸਿੰਘ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ੍ਹ ਗਿਆ।