ਗੁਰਬਖ਼ਸ਼ਪੁਰੀ
ਤਰਨ ਤਾਰਨ, 27 ਮਈ
ਮ੍ਰਿਤਕ ਨੌਜਵਾਨ ਕਿਸਾਨ ਸੁਰਜੀਤ ਸਿੰਘ ਵਾਸੀ ਚੀਮਾ ਖੁਰਦ ਦੀ ਜਵਾਨ ਵਿਧਵਾ ਸਰਬਜੀਤ ਕੌਰ ਨੂੰ ਪੰਜਾਬ ਸਰਕਾਰ ਵਲੋਂ ਐਲਾਨ ਕੀਤੀ ਸਹਾਇਤਾ ਰਾਸ਼ੀ ਲੈਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਮਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ| ਸੁਰਜੀਤ ਸਿੰਘ ਚਾਰ ਮਹੀਨੇ ਪਹਿਲਾਂ ਦਿੱਲੀ ਦੇ ਬਾਰਡਰ ’ਤੇ ਸ਼ਾਮਲ ਹੁੰਦਿਆਂ ਦਮ ਤੋੜ ਗਿਆ ਸੀ| ਇਸ ਮਾਮਲੇ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦਿਆਲਪੁਰਾ ਦੀ ਅਗਵਾਈ ਵਿੱਚ ਜਥੇਬੰਦੀ ਦਾ ਵਫਦ ਅੱਜ ਇਥੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਮਿਲਿਆ ਅਤੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਜੀਅ ਲਈ ਸਰਕਾਰੀ ਨੌਕਰੀ ਦੇਣ ਲਈ ਅੱਜ ਤੱਕ ਵੀ ਕੋਈ ਕਾਰਵਾਈ ਨਾ ਕਰਨ ’ਤੇ ਚਿੰਤਾ ਜ਼ਾਹਰ ਕੀਤੀ| ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਸਥਾਨਕ ਐਸਡੀਐਮ ਨੂੰ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ| ਐਸਡੀਐਮ ਰਜਨੀਸ਼ ਅਰੋੜਾ ਨੇ ਵਫਦ ਨੂੰ ਮੁਲਾਜ਼ਮਾ ਦੀ ਹੜਤਾਲ ਦੇ ਖੁੱਲ੍ਹਦਿਆਂ ਹੀ ਪਰਿਵਾਰ ਨੂੰ ਬਣਦੀਆਂ ਸਹੂਲਤਾਂ ਦੇਣ ਦਾ ਵਿਸ਼ਵਾਸ਼ ਦਿੱਤਾ| ਕਿਸਾਨ ਜਥੇਬੰਦੀ ਵੱਲੋਂ ਕਿਸਾਨ ਦੇ ਪਰਿਵਾਰ ਨੂੰ ਨਿਆਂ ਨਾ ਦੇਣ ’ਤੇ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ ਗਈ|