ਐਨ.ਪੀ.ਧਵਨ
ਪਠਾਨਕੋਟ, 17 ਜੂਨ
ਚੱਕੀ ਦਰਿਆ ਦੇ ਲੱਗ ਰਹੇ ਖੋਰੇ ਕਾਰਨ ਸ਼ੈਲੀ ਕੁੱਲੀਆਂ ਦੀ ਆਬਾਦੀ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ ਤੇ ਇਸ ਨੂੰ ਬਚਾਉਣ ਲਈ ਅਜੇ ਤੱਕ ਡਰੇਨੇਜ਼ ਵਿਭਾਗ ਨੇ ਕੋਈ ਪ੍ਰਬੰਧ ਨਹੀਂ ਕੀਤਾ ਜਦੋਂਕਿ ਮੌਨਸੂਨ ਦੇ 10 ਦਿਨਾਂ ਤੱਕ ਆਉਣ ਦੀ ਸੰਭਾਵਨਾ ਹੈ। ਵਾਰਡ ਨੰਬਰ 20 ਦੇ ਕੌਂਸਲਰ ਯੋਗੇਸ਼ ਠਾਕੁਰ, ਉਦਾਸੀਨ ਆਸ਼ਰਮ ਦੇ ਸੁਆਮੀ ਸ਼ਰਨਾਨੰਦ ਮਹਾਰਾਜ ਤੇ ਹੋਰ ਵਾਸੀਆਂ ਨੇ ਦੱਸਿਆ ਕਿ ਚੱਕੀ ਦਰਿਆ ਵਿੱਚ ਆਉਂਦੇ ਹੜ੍ਹ ਦੇ ਪਾਣੀ ਨਾਲ ਹਰ ਸਾਲ ਇਸ ਖੇਤਰ ਦੀ ਉਪਜਾਊ ਜ਼ਮੀਨ ਰੁੜ੍ਹ ਜਾਂਦੀ ਹੈ ਤੇ ਹੁਣ ਨੈਸ਼ਨਲ ਹਾਈਵੇਅ ਤੋਂ ਦਰਿਆ ਦਾ ਕਿਨਾਰਾ 50 ਫੁੱਟ ਦੇ ਕਰੀਬ ਹੀ ਦੂਰ ਰਹਿ ਗਿਆ ਹੈ। ਇਸ ਤੋਂ ਇਲਾਵਾ ਉਦਾਸੀਨ ਆਸ਼ਰਮ ਤੇ ਸ਼ੈਲੀ ਕੁੱਲੀਆਂ ਦੀ ਆਬਾਦੀ ਵੀ ਪੂਰੀ ਤਰ੍ਹਾਂ ਖਤਰੇ ਵਿੱਚ ਆ ਗਈ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਦੂਜੇ ਪਾਸੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦਾ ਧਿਆਨ ਜਦੋਂ ਇਸ ਗੱਲ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਅੱਜ ਹੀ ਸਾਰੇ ਖੇਤਰ ਦਾ ਦੌਰਾ ਕੀਤਾ ਹੈ ਤੇ ਜਿਹੜੇ ਵੀ ਪੁਆਇੰਟ ਖਤਰੇ ਅਧੀਨ ਹਨ, ਉਥੇ ਲੋੜੀਂਦੇ ਫੰਡ ਮੁਹੱਈਆ ਕਰਵਾ ਕੇ ਇਲਾਕੇ ਨੂੰ ਬਚਾਇਆ ਜਾਵੇਗਾ।
ਵਿਧਾਇਕ ਤੇ ਡੀਸੀ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ
ਸੁਲਤਾਨਪੁਰ ਲੋਧੀ (ਪੱਤਰ ਪ੍ਰੇਰਕ): ਇਥੋਂ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਅੱਜ ਅਧਿਕਾਰੀਆਂ ਨਾਲ ਦਰਿਆ ਨਾਲ ਲੱਗਦੇ ਉਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ, ਜਿਥੇ ਬੀਤੇ ਵਰ੍ਹੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ। ਇਸ ਦੌਰਾਨ ਉਨ੍ਹਾਂ ਦਰਿਆ ਨਾਲ ਲੱਗਦੇ ਇਲਾਕਿਆਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਅ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਦਰਿਆ ਨਾਲ ਲੱਗਦੇ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਭਰੋਆਣਾ, ਲੱਖ ਵਰਿਆਂ, ਬਾਊਪੁਰ, ਸਰੂਪਵਾਲ, ਪੱਸਣ ਕਦੀਮ, ਟਿੱਬੀ, ਮੰਡ ਇੰਦਰਪੁਰ ਅਤੇ ਹੋਰਨਾਂ ਉਨ੍ਹਾਂ ਖੇਤਰਾਂ ਦਾ ਜਾਇਜ਼ਾ ਲਿਆ, ਜਿੱਥੇ ਹਰ ਸਾਲ ਹੜ੍ਹਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਿਸ਼ਵਾਸ ਦਿਵਾਇਆ ਕਿ ਬੀਤੇ ਸਾਲ ਜਿਹੀ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ।