ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 3 ਸਤੰਬਰ
ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਦੇ ਬਿੱਲ ਮੁਆਫ਼ੀ ਬਾਰੇ ਖੁਲਾਸਾ ਕੀਤਾ। ਉਨ੍ਹਾਂ ਕਿਹਾ ਇਸ ਬਾਰੇ ਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ਵਿੱਚ ਦਿੱਤੀ ਗਈ 300 ਯੂਨਿਟ ਪ੍ਰਤੀ ਮਹੀਨੇ ਦੀ ਛੋਟ ਕਾਰਨ ਪੰਜਾਬ ਵਿੱਚ 25 ਲੱਖ ਘਰੇਲੂ ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਸਰਕਾਰ ਨੇ ਆਪਣਾ ਚੁਣਾਵੀ ਵਾਅਦਾ ਸ਼ੁਰੂਆਤੀ ਸਾਲ ਵਿੱਚ ਹੀ ਪੂਰਾ ਕੀਤਾ ਹੈ, ਨਹੀਂ ਤਾਂ ਸਰਕਾਰਾਂ ਆਪਣੀ ਸੱਤਾ ਦੇ ਆਖ਼ਰੀ ਸਾਲ ਵਿੱਚ ਹੀ ਛੋਟੇ ਮੋਟੇ ਚੁਣਾਵੀ ਵਾਅਦੇ ਪੂਰੇ ਕਰਦੀਆਂ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਬਿਜਲੀ ਮੁਆਫ਼ੀ ਵਿੱਚ ਕੋਈ ਜਾਤ ਧਰਮ ਦਾ ਭੇਦਭਾਵ ਨਹੀਂ ਹੈ। 600 ਯੂਨਿਟ ਤੱਕ ਬਿਜਲੀ ਦੀ ਖਪਤ ਕਰਨ ਵਾਲੇ ਹਰ ਘਰ ਨੂੰ ਜ਼ੀਰੋ ਬਿਜਲੀ ਬਿੱਲ ਆਏਗਾ। ਇਸ ਤੋਂ ਜ਼ਿਆਦਾ ਵਰਤੋਂ ਕਰਨ ਵਾਲੇ ਨੂੰ ਬਿਜਲੀ ਬਿੱਲ ਦਾ ਭੁਗਤਾਨ ਕਰਨਾ ਪਵੇਗਾ।
ਬਿਜਲੀ ਮੰਤਰੀ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 300 ਯੂਨਿਟ ਬਿਜਲੀ ਮੁਆਫ਼ ਕੀਤੇ ਜਾਣ ਨਾਲ ਖਪਤਕਾਰਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਮਿਲੀ ਹੈ, ਜੋ ਔਸਤ ਘਰ ਦੀ ਲੋੜ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕੁੱਲ 72 ਲੱਖ ਉਪਭੋਗਤਾਵਾਂ ਨੂੰ ਬਿੱਲ ਭੇਜੇ ਗਏ ਹਨ ਜਿਨ੍ਹਾਂ ਵਿੱਚ 25 ਲੱਖ ਪਰਿਵਾਰਾਂ ਨੂੰ ਜ਼ੀਰੋ ਬਿੱਲ ਮਿਲਿਆ ਹੈ। ਇਸ ਤੋਂ ਇਲਾਵਾ 34 ਲੱਖ ਪਰਿਵਾਰਾਂ ਨੂੰ 350 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਸਬਸਿਡੀ ਵਾਲੀ ਬਿਜਲੀ ਦਾ ਲਾਭ ਮਿਲਿਆ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਇਨ੍ਹਾਂ ਦੋ ਮਹੀਨਿਆਂ ਵਿੱਚ ਬਹੁਤ ਜ਼ਿਆਦਾ ਗਰਮੀ ਕਾਰਨ ਖਪਤ ਆਮ ਮਹੀਨਿਆਂ ਨਾਲੋਂ ਜ਼ਿਆਦਾ ਹੋਈ ਹੈ। ਇਸ ਲਈ ਗਰਮੀ ਘੱਟ ਹੋਣ ’ਤੇ ਆਉਣ ਵਾਲੇ ਮਹੀਨਿਆਂ ਵਿੱਚ ਕਰੀਬ 85 ਫ਼ੀਸਦੀ ਉਪਭੋਗਤਾਵਾਂ ਨੂੰ ਬਿਜਲੀ ਛੋਟ ਦਾ ਲਾਭ ਮਿਲੇਗਾ। ਇਸ ਮੌਕੇ ਅਧਿਕਾਰੀ ਜਤਿੰਦਰ ਸਿੰਘ ਅਤੇ ਹੋਰ ਪਿੰਡਾਂ ਦੇ ਲੋਕ ਮੌਜੂਦ ਸਨ।
ਸਰਕਾਰੀ ਸਕੂਲ ਲਈ ਤਿਆਰ ਕਮਰਿਆਂ ਦਾ ਉਦਘਾਟਨ
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 2 ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਅਹਿਸਾਸ ਕਿਸ਼ਨਪੁਰੀ ਫਾਊਂਡੇਸ਼ਨ ਵੱਲੋਂ ਦੋ ਕਮਰੇ ਤਿਆਰ ਕਰਵਾਏ ਗਏ। ਇਨ੍ਹਾਂ ਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤਾ। ਇਸ ਬਾਰੇ ਅਹਿਸਾਸ ਕਿਸ਼ਨਪੁਰੀ ਫਾਊਂਡੇਸ਼ਨ ਦੇ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਕੋਲ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 2 ਦੇ ਅਧਿਆਪਕ ਆਏ ਅਤੇ ਉਨ੍ਹਾਂ ਨੂੰ ਦੱਸਿਆ ਸਕੂਲ ਦੀ ਇਮਾਰਤ ਅਤਿ ਤਰਸਯੋਗ ਹਾਲਤ ਵਿੱਚ ਹੈ, ਉੱਥੇ ਬੱਚਿਆਂ ਦੇ ਬੈਠਣ ਦਾ ਵੀ ਯੋਗ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਵਿਦਿਆਰਥੀਆਂ ਦੀ ਇਸ ਮੁਸ਼ਕਲ ਨੂੰ ਸਮਝਦਿਆਂ ਅਹਿਸਾਸ ਕਿਸ਼ਨਪੁਰੀ ਫਾਊਂਡੇਸ਼ਨ ਵੱਲੋਂ ਸਕੂਲ ਨੂੰ ਦੋ ਕਮਰੇ ਤਿਆਰ ਕਰਵਾ ਕੇ ਦਿੱਤੇ ਗਏ। ਅੱਜ ਤਿਆਰ ਹੋਏ ਕਮਰੇ ਸਕੂਲ ਸਪੁਰਦ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਮਰਿਆਂ ਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਡਾ. ਮੰਗਲ ਸਿੰਘ ਨੇ ਕਿਹਾ ਕਿ ਅਹਿਸਾਸ ਕਿਸ਼ਨਪੁਰੀ ਫਾਊਂਡੇਸ਼ਨ ਬੱਚਿਆਂ ਦੀ ਪੜ੍ਹਾਈ ਸਬੰਧੀ ਕਿਸੇ ਵੀ ਮਦਦ ਲਈ ਵਚਨਬੱਧ ਹੈ। ਇਸ ਮੌਕੇ ਕੈਬਨਿਟ ਮੰਤਰੀ ਦੀ ਪਤਨੀ ਸੁਹਿੰਦਰ ਕੌਰ, ਭਰਾ ਸਤਿੰਦਰ ਸਿੰਘ, ਡੀਈਓ ਰਾਜੇਸ਼ ਸ਼ਰਮਾ, ਸਰਬਜੀਤ ਸਿੰਘ ਡਿੰਪੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਪ੍ਰਿੰਸੀਪਲ ਅਮਨਦੀਪ ਕੌਰ, ਨਰੇਸ਼ ਪਾਠਕ, ਰਜਨੀਸ਼ ਜੈਨ, ਕੁਲਦੀਪ ਸਿੰਘ ਡੀਐੱਸਪੀ ਜੰਡਿਆਲਾ ਗੁਰੂ, ਸਾਹਿਲ ਸ਼ਰਮਾ, ਬਲਬੀਰ ਸਿੰਘ, ਹਰਦੀਪ ਕੌਰ, ਸੰਦੀਪ ਸਿੰਘ ਚੰਦੀ, ਜੋਤੀ, ਕੰਵਲਜੀਤ ਸਿੰਘ, ਜਸਵਿੰਦਰ ਸਿੰਘ, ਰਾਜ ਰਾਣੀ, ਪਰਲਾਦ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਮੌਜੂਦ ਸਨ।