ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 13 ਅਪਰੈਲ
ਜੰਡਿਆਲਾ ਗੁਰੂ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੀ ਵਿਕਰੀ ਜ਼ੋਰਾਂ ਨਾਲ ਹੋ ਰਹੀ ਹੈ ਤੇ ਇਸ ਦੀ ਲਪੇਟ ਵਿਚ ਬਹੁਤ ਵੱਡੀ ਗਿਣਤੀ ਵਿਚ ਲੜਕੀਆਂ ਵੀ ਆ ਚੁੱਕੀਆਂ ਹਨ ਜੋ ਨਸ਼ੇ ਦੀ ਪੂਰਤੀ ਲਈ ਪੈਸੇ ਦਾ ਜੁਗਾੜ ਕਰਨ ਲਈ ਗ਼ਲਤ ਕੰਮ ਕਰਦੀਆਂ ਹਨ।
ਇਸ ਲਤ ਦੀ ਸ਼ਿਕਾਰ ਇਕ ਲੜਕੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉੱਪਰ ਦੱਸਿਆ ਜੰਡਿਆਲਾ ਗੁਰੂ ਦੇ ਆਸ ਪਾਸ ਜਿੰਨੇ ਵੀ ਪਿੰਡ ਹਨ, ਉਨ੍ਹਾਂ ਵਿੱਚ ਨਸ਼ਾ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਉਸ ਨੇ ਦੱਸਿਆ ਕਿ ਹੈਰੋਇਨ ਉਨ੍ਹਾਂ ਨੂੰ 1500 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਮਿਲ ਜਾਂਦੀ ਹੈ।
ਨਸ਼ੇ ਦੀ ਆਦੀ ਇਸ ਲੜਕੀ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਪਿੰਡ ਦੇ ਕੁਝ ਨੌਜਵਾਨ ਲੜਕਿਆਂ ਦੇ ਸੰਪਰਕ ਵਿੱਚ ਆਈ ਸੀ, ਜੋ ਨਸ਼ੇ ਦੇ ਆਦੀ ਸਨ।ਉਸ ਨੇ ਕਿਹਾ ਹੌਲੀ ਹੌਲੀ ਉਨ੍ਹਾਂ ਲੜਕਿਆਂ ਤੋਂ ਉਸ ਨੂੰ ਵੀ ਨਸ਼ੇ ਦੀ ਆਦਤ ਪੈ ਗਈ। ਉਸ ਨੇ ਕਿਹਾ ਹਾਲਾਤ ਇੰਨੇ ਮਾੜੇ ਹਨ ਕਿ ਇਸ ਮਹਿੰਗੇ ਨਸ਼ੇ ਦਾ ਸੇਵਨ ਕਰਨ ਲਈ ਪ੍ਰਭਾਵਿਤ ਵਿਅਕਤੀ ਭਾਵੇਂ ਉਹ ਮਰਦ ਹੋਵੇ ਜਾਂ ਮਹਿਲਾ ਉਸ ਨੂੰ ਇਸ ਦੀ ਖ਼ਰੀਦ ਕਰਨ ਲਈ ਕੋਈ ਨਾ ਕੋਈ ਗ਼ਲਤ ਕੰਮ ਜ਼ਰੂਰ ਕਰਨਾ ਪੈ ਰਿਹਾ ਹੈ, ਜਿਸ ਨਾਲ ਉਹ ਆਪਣੀ ਨਸ਼ੇ ਦੀ ਪੂਰਤੀ ਕਰ ਸਕਣ।
ਇਸ ਮਾਮਲੇ ਵਿੱਚ ਡੀਐੱਸਪੀ ਜੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਪੁਲੀਸ ਟੀਮ ਨੂੰ ਭੇਜ ਕੇ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਨਸ਼ੇ ਤੋਂ ਗ੍ਰਸਤ ਲੜਕੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਭੇਜਿਆ।