ਨਰਿੰਦਰ ਸਿੰਘ
ਭਿੱਖੀਵਿੰਡ, 5 ਜੁਲਾਈ
ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਖੇਮਕਰਨ ਨੇੜੇ ਕਾਰ ਚਾਲਕ ਵਿਅਕਤੀ ਨੂੰ ਚੱਲਦੀ ਕਾਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇ ਕੇ ਕਾਤਲ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਦੀ ਪਛਾਣ ਸ਼ੇਰਾ ਮਸੀਹ ਪੁੱਤਰ ਨਾਜ਼ਰ ਮਸੀਹ ਵਾਸੀ ਖੇਮਕਰਨ ਵਜੋਂ ਹੋਈ ਹੈ।
ਮ੍ਰਿਤਕ ਕਾਰ ਡਰਾਈਵਰ ਦੀ ਗੱਡੀ ਕੁਝ ਲੋਕਾਂ ਵੱਲੋਂ ਕਿਰਾਏ ’ਤੇ ਕਰ ਕੇ ਨਾਲ ਲੈ ਗਏ ਸਨ ਅਤੇ ਕਸਬਾ ਖੇਮਕਰਨ ਤੋਂ 6 ਕਿਲੋਮੀਟਰ ਦੂਰ ਟਾਹਲੀ ਮੋੜ ਨੇੜੇ ਉਸ ਨੂੰ ਗੋਲੀ ਮਾਰ ਦਿੱਤੀ। ਰਾਹਗੀਰਾਂ ਵੱਲੋਂ 108 ਐਂਬੂਲੈਂਸ ਨੂੰ ਫੋਨ ਕਰ ਕੇ ਬੁਲਾਇਆ ਗਿਆ, ਜਿਸ ਵਿੱਚ ਇਸ ਵਿਅਕਤੀ ਨੂੰ ਸਰਕਾਰੀ ਹਸਪਤਾਲ ਖੇਮਕਰਨ ਵਿੱਚ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਸ਼ੇਰ ਮਸੀਹ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਭਿੱਖੀਵਿੰਡ ਤਰਸੇਮ ਮਸੀਹ ਅਤੇ ਐੱਸਐੱਚਓ ਖੇਮਕਰਨ ਕੰਵਲਜੀਤ ਰਾਏ ਪਹੁੰਚੇ ਜਿਨ੍ਹਾਂ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਡੀਐੱਸਪੀ (ਡੀ) ਤਰਨਤਾਰਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਹੱਥ ਕੁਝ ਸੁਰਾਗ ਲੱਗੇ ਹਨ ਜੋ ਉਹ ਅਜੇ ਜਨਤਕ ਨਹੀਂ ਕਰ ਸਕਦੇ, ਪਰ ਜਲਦੀ ਹੀ ਉਹ ਦੋਸ਼ੀਆਂ ਨੂੰ ਕਾਬੂ ਕਰ ਲੈਣਗੇ।