ਗੁੁਰਦਾਸਪੁਰ (ਜਤਿੰਦਰ ਬੈਂਸ): ਸਿਹਤ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਵੱਲੋਂ ਅੱਜ ਐੱਨਪੀਏ ਕਟੌਤੀ ਅਤੇ ਨਿੱਜੀਕਰਨ ਦੇ ਵਿਰੁੱਧ ਵਿੱਚ ਸੰਘਰਸ਼ ਨੂੰ ਤੇਜ਼ ਕਰਦਿਆਂ ਸਿਹਤ ਅਤੇ ਪਸ਼ੁੂ ਪਾਲਣ ਵਿਭਾਗ ਦੇ ਜ਼ਿਲ੍ਹਾ ਦਫ਼ਤਰਾਂ ਉੱਤੇ ਕਬਜ਼ਾ ਕਰਕੇ ਕੰਮ ਬੰਦ ਕਰਵਾ ਦਿੱਤਾ।ਇਸ ਮੌਕੇ ਸਮੂਹ ਡਾਕਟਰਾਂ ਨੇ ਮੁਕੰਮਲ ਹੜਤਾਲ ਕਰਕੇ ਪੰਜਾਬ ਸਰਕਾਰ ਦੇ ਖਿਲਾਫ਼ ਜ਼ਿਲ੍ਹਾ ਦਫ਼ਤਰਾਂ ਅੱਗੇ ਰੋਸ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਡਾਕਟਰਾਂ ਵੱਲੋਂ ਸਰਕਾਰੀ ਓਪੀਡੀਜ਼ ਦਾ ਬਾਈਕਾਟ ਕਰਕੇ ਆਪਣੀਆਂ ਸਮਾਨੰਤਰ ਓਬੀਡੀਜ਼ ਜਾਰੀ ਰੱਖੀਆਂ ਜਾ ਰਹੀਆਂ ਸਨ ਪਰ ਸਰਕਾਰ ਉੱਤੱ ਵਾਅਦਾ ਖਿਲਾਫ਼ੀ ਦਾ ਦੋਸ਼ ਲਾਉਂਦਿਆਂ ਅੱਜ ਇਨ੍ਹਾਂ ਡਾਕਟਰਾਂ ਨੇ ਓਪੀਡੀਜ਼ ਨੂੰ ਮੁਕੰਮਲ ਬੰਦ ਕਰਨ ਦਾ ਫੈਸਲਾ ਲਿਆ।ਤਾਲਮੇਲ ਕਮੇਟੀ ਜ਼ਿਲ੍ਹਾ ਗੁਰਦਾਸਪੁਰ ਦੇ ਆਗੂਆਂ ਡਾ. ਗੁਰਦੇਵ ਸਿੰਘ, ਡਾ.ਲਵ ਹੰਸ, ਡਾ.ਸੁਖਵਿੰਦਰ ਸੁੱਖੀ ਅਤੇ ਡਾ.ਹਰਿੰਦਰ ਨੇ ਦੱਸਿਆ ਕਿ ਸੂਬੇ ਦੇ ਸਮੂਹ ਸਿਹਤ ਵੈਟਰਨਰੀ ਡਾਕਟਰਾਂ ਵੱਲੋਂ ਐਕਸ਼ਨ ਵਿੱਚ ਹਿੱਸਾ ਲਿਆ ਗਿਆ ਹੈ।