ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 4 ਅਗਸਤ
ਬਲਾਕ ਕਾਹਨੂੰਵਾਨ ਅਧੀਨ ਪਿੰਡ ਘੋੜੇਵਾਹ ਤੋਂ ਫੇਰੋਚੇਚੀ ਤੱਕ ਜਾਣ ਵਾਲੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਸੁਖਵਿੰਦਰ ਸਿੰਘ ਮੁਲਾਂਵਾਲ, ਸੰਤੋਖ ਸਿੰਘ ਭੈਣੀ ਖਾਦਰ ਅਤੇ ਗੁਰਜੀਤ ਸਿੰਘ ਫੇਰੋਚੇਚੀ ਨੇ ਦੱਸਿਆ ਕਿ ਘੋੜਵਾਹ ਤੋਂ ਫੇਰੋਚੇਚੀ ਤੱਕ ਜਾਣ ਵਾਲੀ ਸੜਕ ਉੱਤੇ ਪੈਂਦੇ ਪਿੰਡ ਸ਼ੀਂਹ ਭੱਟੀ ਦੇ ਸੀਵਰੇਜ ਦਾ ਪਾਣੀ ਪੈਣ ਕਾਰਨ ਇਸ ਦੀ ਹਾਲਤ ਕਾਫ਼ੀ ਖਸਤਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਸੀਵਰੇਜ ਦਾ ਪਾਣੀ ਕਿਸੇ ਛੱਪੜ ਵਿੱਚ ਨਾ ਪਾਏ ਜਾਣ ਕਾਰਨ ਇਹ ਸਾਰਾ ਪਾਣੀ ਸੜਕ ਉੱਤੇ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਇਹ ਸੜਕ ਲਗਾਤਾਰ ਖ਼ਰਾਬ ਹੋ ਰਹੀ ਹੈ। ਇਸ ਸਬੰਧੀ ਭੁਪਿੰਦਰ ਸਿੰਘ ਰਾਜਪੁਰਾ, ਸੋਨੀ ਪਹਿਲਵਾਨ ਫੇਰੋਚੇਚੀ ਅਤੇ ਨੰਬਰਦਾਰ ਸੁਰੇਸ਼ ਸਿੰਘ ਨੇ ਕਿਹਾ ਕਿ ਬਰਸਾਤਾਂ ਵਿੱਚ ਤਾਂ ਸੜਕ ਦੀ ਹਾਲਤ ਹੋਰ ਮਾੜੀ ਹੋ ਚੁੱਕੀ ਹੈ। ਇਲਾਕੇ ਦੇ ਮੋਹਤਬਰਾਂ ਨੇ ਪਿੰਡ ਸ਼ੀਂਹ ਭੱਟੀ ਦੀ ਪੰਚਾਇਤ ਨੂੰ ਕਈ ਵਾਰ ਇਸ ਸਬੰਧੀ ਸੁਚੇਤ ਕੀਤਾ ਪਰ ਪੰਚਾਇਤ ਨੇ ਸੀਵਰੇਜ ਦੇ ਪਾਣੀ ਦਾ ਕੋਈ ਵੀ ਢੁਕਵਾਂ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਬੇਟ ਖੇਤਰ ਦੇ ਕਰੀਬ 8-10 ਪਿੰਡ ਇਸ ਸੜਕ ਨਾਲ ਜ਼ਿਲ੍ਹਾ ਹੈੱਡ ਕੁਆਰਟਰ ਗੁਰਦਾਸਪੁਰ ਅਤੇ ਬਟਾਲਾ ਨਾਲ ਜੁੜਦੇ ਹਨ। ਇਲਾਕੇ ਦੇ ਲੋਕਾਂ ਨੇ ਲੋਕ ਨਿਰਮਾਣ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਮੁਰੰਮਤ ਕਰਨ ਦੇ ਨਾਲ-ਨਾਲ ਇਸ ਉੱਤੇ ਪੈਣ ਵਾਲੇ ਪਾਣੀ ਦਾ ਵੀ ਠੀਕ ਪ੍ਰਬੰਧ ਕਰਵਾਇਆ ਜਾਵੇ।