ਬਲਵਿੰਦਰ ਸਿੰਘ ਭੰਗੂ
ਭੋਗਪੁਰ, 4 ਜੂਨ
ਪਿੰਡ ਘੋੜਾਬਾਹੀ ਦੇ ਕਿਸਾਨ ਸੁਖਦੇਵ ਸਿੰਘ ਪੁੱਤਰ ਗੁਰਨਾਮ ਸਿੰਘ ਦਾ ਤਿੰਨ ਕਨਾਲ ਝੋਨਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਪੁਲੀਸ ਦੀ ਸਹਾਇਤਾ ਨਾਲ ਉਸ ਕੋਲੋਂ ਹੀ ਟਰੈਕਟਰ ਨਾਲ ਪੁਟਾ ਦਿੱਤਾ ਅਤੇ ਅੱਗੇ ਤੋਂ ਝੋਨਾ ਲਗਾਉਣ ਤੋਂ ਰੋਕ ਦਿੱਤਾ। ਜਾਣਕਾਰੀ ਅਨੁਸਾਰ ਜਿਸ ਜ਼ਮੀਨ ਵਿੱਚ ਸੁਖਦੇਵ ਸਿੰਘ ਨੇ ਝੋਨਾ ਲਗਾਇਆ ਉਸ ਜ਼ਮੀਨ ਦੀ ਰਜਿਸਟਰੀ ਪਿੰਡ ਚੱਕਝੱਡੂ ਦੇ ਸਾਬਕਾ ਸਰਪੰਚ ਸੰਤੋਖ ਸਿੰਘ ਦੀ ਪਤਨੀ ਬਲਬੀਰ ਕੌਰ ਦੇ ਨਾਂ ’ਤੇ ਕੁੱਝ ਸਮਾਂ ਪਹਿਲਾਂ ਹੋਈ ਹੈ। ਸਬ-ਤਹਿਸੀਲ ਭੋਗਪੁਰ ਵਿੱਚ ਨਿਸ਼ਾਨਦੇਹੀ ਅਤੇ ਕਬਜ਼ਾ ਲੈਣ ਦੀ ਦਰਖਾਸਤ ਦਿੱਤੀ ਹੋਈ ਸੀ ਜਿਸ ਕਰਕੇ ਕਾਨੂੰਨਗੋ ਜਸਵਿੰਦਰ ਸਿੰਘ ਅਤੇ ਪਟਵਾਰੀ ਹਰਨਾਮ ਸਿੰਘ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਗਏ ਤਾਂ ਸੁਖਦੇਵ ਸਿੰਘ ਨੇ ਨਿਸ਼ਾਨਦੇਹੀ ਨਾ ਕਰਨ ਦੇਣ ਕਰਕੇ ਜ਼ਮੀਨ ਵਿੱਚ ਪਾਣੀ ਛੱਡ ਕੇ ਝੋਨਾ ਲਗਾ ਦਿੱਤਾ ਜਿਸ ਦੀ ਰਿਪੋਰਟ ਸਾਬਕਾ ਸਰਪੰਚ ਸੰਤੋਖ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਗੁਰਭਗਤ ਸਿੰਘ ਨੂੰ ਦੇ ਦਿੱਤੀ ਤਾਂ ਖੇਤੀਬਾੜੀ ਇੰਸਪੈਕਟਰ ਬਲਜਿੰਦਰ ਸਿੰਘ ਨੇ ਏਐਸਆਈ ਹਰਦੀਪ ਅਤੇ ਹੋਰ ਪੁਲੀਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਸੁਖਦੇਵ ਸਿੰਘ ਕੋਲੋ ਹੀ ਉਸ ਦੇ ਟਰੈਕਟਰ ਨਾਲ ਲਗਾਇਆ ਝੋਨਾ ਵਹਾ ਦਿੱਤਾ। ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਪਿੰਡ ਕਾਹਨੂੰਵਾਨ ਦੇ ਕਿਸਾਨ ਸਤਨਾਮ ਸਿੰਘ ਵੱਲੋਂ ਲਗਾਏ ਅਗੇਤੇ ਝੋਨੇ ਨੂੰ ਖੇਤੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਹਾ ਦਿੱਤਾ ਗਿਆ। ਇਸ ਦੌਰਾਨ ਖੇਤੀ ਅਧਿਕਾਰੀ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਉਨ੍ਹਾਂ ਨੂੰ ਸਖ਼ਤ ਹਦਾਇਤਾਂ ਹਨ ਕਿ ਕੋਈ ਵੀ ਕਿਸਾਨ 10 ਜੂਨ ਤੋਂ ਅਗੇਤਾ ਝੋਨਾ ਨਾ ਲਗਾਵੇ ਪਰ ਫਿਰ ਵੀ ਕਿਸਾਨ ਸਰਕਾਰ ਦੇ ਹੁਕਮਾਂ ਨੂੰ ਅਣਗੌਲਿਆ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਾਹਨੂੰਵਾਨ ਛੰਭ ਖੇਤਰ ਵਿੱਚ ਪਾਣੀ ਦੀ ਕੋਈ ਸਮੱਸਿਆ ਨਹੀਂ ਹੈ। ਇਸ ਲਈ ਕਿਸਾਨਾਂ ਨੂੰ ਇੱਥੇ ਝੋਨੇ ਦੀ ਪ੍ਰਵਾਨਗੀ ਮਿਲਣੀ ਚਾਹੀਦੀ ਹੈ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਮੰਗ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਲਿਖਤੀ ਤੌਰ ਉੱਤੇ ਭੇਜ ਦਿੱਤੀ ਜਾਵੇਗੀ।
30 ਪਿੰਡਾਂ ਦੇ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਦਾ ਰੇਟ ਤੈਅ ਕੀਤਾ
ਕਾਹਨੂੰਵਾਨ (ਪੱਤਰ ਪੇ੍ਰਕ): ਪੰਜਾਬ ਵਿੱਚ ਇਸ ਸਾਲ ਕਰੋਨਾ ਸੰਕਟ ਕਾਰਨ ਮਜ਼ਦੂਰਾਂ ਦੀ ਥੁੜ ਦੇ ਚਲਦਿਆਂ ਕਿਸਾਨਾਂ ਵੱਲੋਂ ਝੋਨਾ ਲਾਉਣ ਦੀ ਮਜ਼ਦੂਰੀ 3300 ਰੁਪਏ ਤੈਅ ਕਰਨ ਦਾ ਫ਼ੈਸਲਾ ਲਿਆ ਹੈ। ਝੋਨੇ ਲਾਉਣ ਵਾਲੇ ਮਜ਼ਦੂਰਾਂ ਦੀ ਕਿੱਲਤ ਦੇ ਚਲਦਿਆਂ ਕਿਸਾਨਾਂ ਤੋਂ ਸਥਾਨਕ ਮਜ਼ਦੂਰ ਝੋਨੇ ਦੀ ਲਵਾਈ ਲਈ 5 ਤੋਂ 6 ਹਾਜ਼ਰ ਰੁਪਏ ਦੀ ਮੰਗ ਕਰ ਰਹੇ ਹਨ ਜਿਸ ਦੇ ਚੱਲਦਿਆਂ ਹੁਣ ਪਿੰਡਾਂ ਵਿੱਚ ਕਿਸਾਨ ਵੀ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ। ਅੱਜ ਕਾਹਨੂੰਵਾਨ ਬੇਟ ਖੇਤਰ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪ੍ਰਤੀ ਏਕੜ ਝੋਨੇ ਦੀ ਲੁਆਈ 3300 ਰੁਪਏ ਦਿੱਤੀ ਜਾਵੇਗੀ। ਇਸ ਮੌਕੇ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਜੇਕਰ ਕਿਸਾਨ ਮਜ਼ਦੂਰਾਂ ਨੂੰ 3300 ਤੋਂ ਵੱਧ ਲਵਾਈ ਦੇਣਗੇ ਤਾਂ ਉਨ੍ਹਾਂ ਨੂੰ ਜੁਰਮਾਨੇ ਪਾਉਣ ਤੋਂ ਇਲਾਵਾ ਕਿਸਾਨਾਂ ਦੇ ਰੋਹ ਦਾ ਵੀ ਸਾਹਮਣਾ ਕਰਨਾ ਪਵੇਗਾ।