ਐੱਨਪੀ ਧਵਨ
ਪਠਾਨਕੋਟ, 6 ਅਗਸਤ
ਰਣਜੀਤ ਸਾਗਰ ਡੈਮ ਪ੍ਰਾਜੈਕਟ ’ਤੇ ਕੰਮ ਕਰਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ’ਤੇ ਅਧਾਰਿਤ ਬਣੀ ਸਾਂਝੀ ਸੰਘਰਸ਼ ਕਮੇਟੀ ਦਾ ਵਫ਼ਦ ਕਮੇਟੀ ਦੇ ਸੀਨੀਅਰ ਮੈਂਬਰ ਕਾਮਰੇਡ ਨੱਥਾ ਸਿੰਘ ਦੀ ਅਗਵਾਈ ਵਿੱਚ ਵਫ਼ਦ ਪੰਜਾਬ ਦੇ ਜਲ ਸਰੋਤ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਾਹਪੁਰਕੰਡੀ ਵਿੱਚ ਉਨ੍ਹਾਂ ਦੀ ਫੇਰੀ ਮੌਕੇ ਮਿਲਿਆ। ਉਨ੍ਹਾਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸਬੰਧੀ ਬੈਂਸ ਨੂੰ ਮੰਗ ਪੱਤਰ ਵੀ ਦਿੱਤਾ। ਵਫਦ ਵਿੱਚ ਮੁਲਾਜ਼ਮ ਆਗੂ ਜਸਵੰਤ ਸਿੰਘ ਸੰਧੂ, ਓਪੀ ਵਰਮਾ, ਗਿਆਨਚੰਦ ਲੂੰਬਾ, ਰੌਸ਼ਨ ਲਾਲ ਭਗਤ, ਹਰਵਿੰਦਰ ਸਿੰਘ ਰੰਧਾਵਾ, ਰਵਿੰਦਰ ਜੱਗਾ, ਸੋਹਨ ਲਾਲ, ਗੁਰਨਾਮ ਸਿੰਘ ਮਟੌਰ, ਹਰਦੇਵ ਸਿੰਘ ਦੇਬੀ ਤੇ ਸ਼ਿੰਦਾ ਆਦਿ ਸ਼ਾਮਲ ਹੋਏ। ਆਗੂਆਂ ਮੰਗ ਕੀਤੀ ਕਿ ਜੁਗਿਆਲ ਕਲੋਨੀ ਦੇ ਸਰਕਾਰੀ ਮਕਾਨਾਂ ਵਿੱਚ ਰਹਿ ਰਹੇ ਪ੍ਰਾਜੈਕਟ ਦੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਪ੍ਰਸ਼ਾਸਨ ਬਿਨਾਂ ਵਜ੍ਹਾ ਤੰਗ ਨਾ ਕਰੇ, ਫੀਲਡ ਵਿੱਚ ਕੰਮ ਕਰਦੇ ਦਰਜਾ ਚਾਰ ਅਤੇ ਦਰਜਾ ਤਿੰਨ ਮੁਲਾਜ਼ਮਾਂ ਦੀ ਹਾਜ਼ਰੀ ਆਨਲਾਈਨ ਲਗਾਉਣ ਲਈ ਕਿਸੇ ਐੱਸਡੀਓ ਦੀ ਡਿਊਟੀ ਲਗਾਈ ਜਾਵੇ, ਕਲੋਨੀ ਵਿੱਚ ਖਾਲੀ ਪਏ ਸਰਕਾਰੀ ਮਕਾਨਾਂ ਨੂੰ ਕਿਰਾਏ ’ਤੇ ਪਹਿਲ ਦੇ ਅਧਾਰ ’ਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਦਿੱਤੇ ਜਾਣ।
ਇਸ ਮੌਕੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਕਲੋਨੀ ਵਿੱਚ ਰਹਿ ਰਹੇ ਸੇਵਾਮੁਕਤ ਮੁਲਾਜ਼ਮਾਂ ਨੂੰ ਤੰਗ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੀ ਸਿੰਜਾਈ ਸਕੱਤਰ ਨਾਲ ਵੀ ਗੱਲ ਹੋ ਚੁੱਕੀ ਹੈ ਅਤੇ ਜਲਦੀ ਹੀ ਇਸ ਸਬੰਧ ਵਿੱਚ ਪੱਕੇ ਤੌਰ ’ਤੇ ਫੈਸਲਾ ਲੈ ਲਿਆ ਜਾਵੇਗਾ। ਇਸ ਮੌਕੇ ਡੈਮ ਪ੍ਰਾਜੈਕਟ ਦੇ ਜਨਰਲ ਮੈਨੇਜਰ ਐੱਸਕੇ ਸਲੂਜਾ ਅਤੇ ਮੁੱਖ ਇੰਜਨੀਅਰ ਸ਼ੇਰ ਸਿੰਘ ਵੀ ਮੌਜੂਦ ਸਨ।