ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ,7 ਦਸੰਬਰ
ਇਲਾਕੇ ਵਿੱਚ ਹੋ ਰਹੀਆਂ ਲੁੱਟ-ਖੋਹ ਅਤੇ ਝਪਟਮਾਰੀ ਦੀਆਂ ਘਟਨਾਵਾ ਨੂੰ ਅੰਜਾਮ ਦੇਣ ਵਾਲਾ ਜੋੜਾ ਅਤੇ ਇਸ ਜੋੜੇ ਨੂੰ ਲੁੱਟ-ਖੋਹ ਕਰਨ ਦੀ ਇਤਲਾਹ ਦੇਣ ਵਾਲੇ ਮੁੱਖ ਸਰਗਨਾ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਇਸ ਸਬੰਧੀ ਫਤਿਆਬਾਦ ਦੇ ਚੌਕੀ ਇੰਚਾਰਜ ਬਲਰਾਜ ਸਿੰਘ ਨੇ ਦੱਸਿਆ ਕਿ ਰਾਹ ਜਾਂਦੇ ਲੋਕਾਂ ਦੀ ਖੋਹ ਕਰਨ ਵਾਲੇ ਬਲਜੀਤ ਸਿੰਘ ਚੂਚਾ ਅਤੇ ਉਸ ਦੀ ਪਤਨੀ ਨੂੰ ਕਾਬੂ ਕੀਤਾ ਗਿਆ ਹੈ। ਇਹ ਜੋੜਾ ਉਨ੍ਹਾਂ ਲੋਕਾਂ ਨੂੰ ਸ਼ਿਕਾਰ ਬਣਾਉਂਦਾ ਸੀ ਜੋ ਬੈਂਕ, ਏਟੀਐੱਮ ਅਤੇ ਸੁਨਿਆਰ ਦੀਆਂ ਦੁਕਾਨਾਂ ’ਤੇ ਲੈਣ-ਦੇਣ ਕਰਨ ਆਉਂਦੇ ਸਨ ਜਿਨ੍ਹਾਂ ਕੋਲੋਂ ਇਹ ਜੋੜਾ ਰਾਹ ਜਾਂਦੇ ਸਮੇਂ ਝਪਟਮਾਰ ਕਰਦਾ ਹੋਇਆ ਪੈਸੇ ਖੋਹ ਫ਼ਰਾਰ ਹੋ ਜਾਂਦਾ ਸੀ। ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਗਰੋਹ ਦਾ ਮਾਸਟਰ ਮਾਈਂਡ ਬਲਜਿੰਦਰ ਸਿੰਘ ਵਾਸੀ ਖਡੂਰ ਸਾਹਿਬ ਨੂੰ ਕਾਬੂ ਕੀਤਾ ਗਿਆ ਹੈ ਜੋ ਇਸ ਜੋੜੇ ਨੂੰ ਲੁੱਟ-ਖੋਹ ਦਾ ਸ਼ਿਕਾਰ ਬਣਾਉਣ ਵਾਲੇ ਵਿਅਕਤੀ ਦੀ ਇਤਲਾਹ ਦਿੰਦਾ ਸੀ ਜਿਸ ਤੋਂ ਬਾਅਦ ਉਕਤ ਜੋੜਾ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਤਿੰਨਾਂ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।