ਪੱਤਰ ਪ੍ਰੇਰਕ
ਤਰਨ ਤਾਰਨ, 17 ਅਕਤੂਬਰ
ਇਮਾਰਤਸਾਜ਼ੀ ਨਾਲ ਸਬੰਧਤ ਮਿਸਤਰੀਆਂ-ਮਜ਼ਦੂਰਾਂ ਨੇ ਬੀਤੇ ਕਈ ਮਹੀਨਿਆਂ ਤੋਂ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਣ ਕਾਰਨ ਸੂਬਾ ਸਰਕਾਰ ਕੋਲੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ| ਇਸ ਸਬੰਧੀ ਮਜ਼ਦੂਰ ਏਕਤਾ ਯੂਨੀਅਨ (ਏਟਕ) ਦੇ ਝੰਡੇ ਹੇਠ ਗੋਹਲਵੜ੍ਹ ਪਿੰਡ ਵਿੱਚ ਜਥੇਬੰਦੀ ਦੇ ਆਗੂ ਅੰਗਰੇਜ਼ ਸਿੰਘ ਰਟੌਲ ਦੀ ਅਗਵਾਈ ਹੇਠ ਮੀਟਿੰਗ ਹੋਈ। ਮੀਟਿੰਗ ਨੂੰ ਸੁਖਦੇਵ ਸਿੰਘ ਗੋਹਲਵੜ੍ਹ, ਬਲਦੇਵ ਸਿੰਘ, ਮਨਪ੍ਰੀਤ ਸਿੰਘ ਕੋਟਲੀ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਕਿਹਾ ਕਿ ਇਮਾਰਤ ਉਸਾਰੀ ਨਾਲ ਸਬੰਧਤ ਸਮੱਗਰੀ ਆਦਿ ਦੀਆਂ ਕੀਮਤਾਂ ਦੇ ਅਸਮਾਨ ਨੂੰ ਛੋਹਣ ਕਰਕੇ ਬੀਤੇ ਕਈ ਮਹੀਨਿਆਂ ਤੋਂ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ| ਇਸ ਕਾਰਨ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ| ਉਨ੍ਹਾ ਮੰਗ ਕੀਤੀ ਕਿ ਉਸਾਰੀ ਦੇ ਰਜਿਸਟਰਡ ਮਜ਼ਦੂਰਾਂ ਨੂੰ ਦੀਵਾਲੀ ਮਨਾਉਣ ਲਈ ਉਨ੍ਹਾਂ ਦੇ ਖਾਤਿਆਂ ਵਿੱਚ ਪ੍ਰਤੀ ਵਿਅਕਤੀ 10,000 ਰੁਪਏ ਜਮ੍ਹਾਂ ਕਰਵਾਏ ਜਾਣ। ਬੁਲਾਰਿਆਂ ਨੇ ਲੇਬਰ ਕਾਨਫਰੰਸਾਂ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਕੇਰਲਾ ਸਰਕਾਰ ਦੀ ਤਰਜ਼ ’ਤੇ ਮਜ਼ਦੂਰ ਨੂੰ 21,000 ਰੁਪਏ ਪ੍ਰਤੀ ਮਹੀਨਾ ਉਜਰਤ ਅਤੇ ਕਿਰਤੀ ਦੀ ਮੌਤ ਹੋਣ ’ਤੇ ਪਰਿਵਾਰ ਨੂੰ ਛੇ ਲੱਖ ਰੁਪਏ ਐਕਸਗਰੇਸ਼ੀਆ ਰਾਸ਼ੀ ਦੇਣ ਦੀ ਮੰਗ ਕੀਤੀ।