ਪੱਤਰ ਪ੍ਰੇਰਕ
ਪਠਾਨਕੋਟ, 18 ਸਤੰਬਰ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਪਿੰਡ ਲੰਜੇਰਾ ਦਾ ਦੌਰਾ ਕਰ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਲੋਕਾਂ ਨੇ ਹਲਕਾ ਇੰਚਾਰਜ ਨੂੰ ਪਿੰਡ ਵਿੱਚ ਪੀਣ ਵਾਲੇ ਪਾਣੀ ਤੇ ਗਲੀਆਂ-ਨਾਲੀਆਂ ਦੀ ਸਮੱਸਿਆ ਅਤੇ ਪਿੰਡ ਵਿੱਚ ਆਂਗਣਵਾੜੀ ਸੈਂਟਰ ਨਾ ਹੋਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਪੀਣ ਦੇ ਪਾਣੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀ ਕੁਦਰਤੀ ਬਾਉਲੀ ਵਿੱਚੋਂ ਨਿਕਲਦੇ ਪਾਣੀ ਨਾਲ ਆਪਣੀਆਂ ਨਿੱਤ ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਦਾ ਪਾਣੀ ਢੋਹਣ ਵਿੱਚ ਕਾਫ਼ੀ ਸਮਾਂ ਵਿਅਰਥ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਗਲੀਆਂ-ਨਾਲੀਆਂ ਕੱਚੀਆਂ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਜਲਦੀ ਹੀ ਪਿੰਡ ਵਿੱਚ ਆਂਗਣਵਾੜੀ ਸੈਂਟਰ ਖੁੱਲ੍ਹਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਸਮੱਸਿਆ ਦਾ ਪੱਕਾ ਹੱਲ ਕਰਵਾਉਣਗੇ ਜਦਕਿ ਗਲੀਆਂ, ਨਾਲੀਆਂ ਪੱਕਾ ਕਰਨ ਲਈ ਜਲਦੀ ਹੀ ਗਰਾਂਟ ਜਾਰੀ ਕਰਵਾਈ ਜਾਵੇਗੀ। ਇਸ ਮੌਕੇ ਕੁਸ਼ਲ ਪਠਾਨੀਆ, ਚੈਨ ਸਿੰਘ, ਕੁਲਵੰਤ ਸਿੰਘ, ਦੇਵ ਰਾਜ, ਰਾਕੇਸ਼ ਸਿੰਘ, ਜਤਿੰਦਰ ਸਿੰਘ, ਦੀਪੂ, ਰਮੇਸ਼ ਸਿੰਘ ਤੇ ਸੰਨੀ ਪਠਾਨੀਆ ਆਦਿ ਹਾਜ਼ਰ ਸਨ।