ਪੱਤਰ ਪ੍ਰੇਰਕ
ਪਠਾਨਕੋਟ, 3 ਜੂਨ
ਦੁਨੇਰਾ ਤੋਂ ਸੁਲਿਆਲੀ-ਲਹਿਰੂਨ ਲਿੰਕ ਮਾਰਗ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਸਤਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਇਸ ਨੂੰ ਲੈ ਕੇ ਦੁਨੇਰਾ ਮਾਰਕੀਟ ਦੇ ਰਾਕੇਸ਼ ਪਠਾਨੀਆ, ਬਿੱਟੂ ਸ਼ਰਮਾ, ਰਾਜੇਸ਼ ਸਿੰਘ, ਰਾਕੇਸ਼ ਸਿੰਘ ਤੇ ਗੌਤਮ ਸਿੰਘ ਆਦਿ ਨੇ ਲੋਕ ਨਿਰਮਾਣ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਮਾਰਕੀਟ ਵਾਸੀਆਂ ਨੇ ਦੱਸਿਆ ਕਿ ਲੰਜੇਰਾ ਪਿੰਡ ਤੋਂ ਇਕ ਕਿਲੋਮੀਟਰ ਅੱਗੇ ਦੀ ਸੜਕ ਖਸਤਾ ਹਾਲ ਹੋਣ ਕਾਰਨ ਜ਼ਮੀਨ ਵਿੱਚ ਧੱਸੀ ਹੋਈ ਹੈ। ਹੁਣ ਤੱਕ ਲੋਕ ਨਿਰਮਾਣ ਵਿਭਾਗ ਮਾਰਗ ਇਸ ਦੀ ਮੁਰੰਮਤ ਨਹੀਂ ਕਰਵਾ ਸਕਿਆ। ਹੁਣ ਮੌਨਸੂਨ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਬਰਸਾਤ ਦੌਰਾਨ ਇਹ ਸੜਕ ਆਵਾਜਾਈ ਲਈ ਬੰਦ ਹੋ ਜਾਵੇਗੀ। ਜੇਕਰ ਅਜਿਹਾ ਵਾਪਰਿਆ ਤਾਂ ਦੁਨੇਰਾ ਅਤੇ ਲਹਿਰੂਨ ਦਾ ਲਿੰਕ ਆਪਸ ਵਿੱਚ ਟੁੱਟ ਜਾਵੇਗਾ। ਸੜਕ ਦੇ ਬੰਦ ਹੋ ਜਾਣ ’ਤੇ ਚੰਬਾ ਤੋਂ ਕਾਂਗੜਾ ਆਉਣ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਸਾਲ 2017 ਤੋਂ ਇਹ ਸੜਕ ਇਸੇ ਹਾਲਤ ਵਿੱਚ ਹੈ ਪਰ ਲੋਕ ਨਿਰਮਾਣ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਕਿ ਬਰਸਾਤ ਤੋਂ ਪਹਿਲਾਂ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇ।