ਪੱਤਰ ਪ੍ਰੇਰਕ
ਤਰਨ ਤਾਰਨ, 1 ਅਗਸਤ
ਇਥੇ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਇਕ ਵਫਦ ਵੱਲੋਂ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਅਵਤਾਰ ਸਿੰਘ ਤਨੇਜਾ ਨਾਲ ਅੱਜ ਇਥੇ ਇਕ ਮੀਟਿੰਗ ਕਰਕੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੀਤੇ ਜਾਣ ਦੀ ਅਪੀਲ ਕੀਤੀ ਗਈ| ਵਫ਼ਦ ਦੀ ਅਗਵਾਈ ਜਥੇਬੰਦੀ ਦੇ ਪ੍ਰਧਾਨ ਸਤਵੰਤ ਸਿੰਘ ਸੰਧੂ ਨੇ ਕੀਤੀ ਜਦੋਂਕਿ ਵਫ਼ਦ ਵਿੱਚ ਜਥੇਬੰਦੀ ਦੇ ਡਾਇਰੈਕਟਰ ਨਿਰਮਲ ਸਿੰਘ, ਬਖਸ਼ੀਸ਼ ਸਿੰਘ, ਕਰਨ ਸਿੰਘ ਮੁਰਾਦਪੁਰ, ਹਰਵਿੰਦਰ ਕੁਮਾਰ ਜੋਸ਼ੀ ਆਦਿ ਨੇ ਵੀ ਸ਼ਮੂਲੀਅਤ ਕੀਤੀ| ਸਬਜ਼ੀ ਆੜ੍ਹਤੀਆਂ ਨੇ ਸ੍ਰੀ ਤਨੇਜਾ ਦੇ ਧਿਆਨ ਵਿੱਚ ਲਿਆਂਦਾ ਕਿ ਮੰਡੀ ਦੀ ਸਫ਼ਾਈ ਦਾ ਬੁਰਾ ਹਾਲ ਹੈ| ਮੰਡੀ ਵਿੱਚ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ| ਮੰਡੀ ਨੂੰ ਸਾਲਾਂ ਤੋਂ ਸਾਫ਼ ਹੀ ਨਹੀਂ ਕਰਵਾਇਆ ਗਿਆ| ਆੜ੍ਹਤੀਆਂ ਨੇ ਕਿਹਾ ਕਿ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਾਰਨ ਇਕ ਦਿਨ ਦੀ ਬਾਰਸ਼ ਦਾ ਪਾਣੀ ਕਈ-ਕਈ ਦਿਨਾਂ ਤੱਕ ਮੰਡੀ ਦੇ ਚਾਰ ਚੁਫੇਰੇ ਖੜ੍ਹਾ ਰਹਿੰਦਾ ਹੈ ਜਿਸ ਨਾਲ ਆੜ੍ਹਤੀਆਂ ਤੇ ਸਬਜ਼ੀ ਉਤਪਾਦਕਾਂ ਨੂੰ ਮੰਡੀ ’ਚ ਸਬਜ਼ੀ ਲਿਆਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ| ਜਥੇਬੰਦੀ ਨੇ ਕਿਹਾ ਕਿ ਵਰਤਮਾਨ ’ਚ ਮੰਡੀ ਵਿੱਚ ਪਾਇਆ ਸ਼ੈੱਡ ਜ਼ਰੂਰਤਾਂ ਪੂਰੀਆਂ ਨਹੀਂ ਕਰਦਾ ਜਿਸ ਲਈ ਇਕ ਹੋਰ ਸ਼ੈੱਡ ਦੀ ਜ਼ਰੂਰਤ ਹੈ ਜਿਸ ਨਾਲ ਆੜ੍ਹਤੀ ਸਬਜ਼ੀ ਨੂੰ ਗਰਮੀ-ਸਰਦੀ ਤੇ ਬਾਰਸ਼ ਤੋਂ ਬਚਾਅ ਕੇ ਰੱਖ ਸਕਦੇ ਹਨ| ਸ੍ਰੀ ਤਨੇਜਾ ਨੇ ਮਾਰਕੀਟ ਕਮੇਟੀ ਦੇ ਸੈਕਟਰੀ ਨੂੰ ਮੰਡੀ ਦੀ ਸਫ਼ਾਈ ਵੱਲ ਉਚੇਚਾ ਧਿਆਨ ਦੇਣ ਦੀਆਂ ਹਦਾਇਤਾਂ ਕੀਤੀਆਂ ਤੇ ਬਾਕੀ ਦੀਆਂ ਮੰਗਾਂ ਵੱਲ ਵੀ ਬਣਨਾ ਧਿਆਨ ਦੇਣ ਦਾ ਵਿਸ਼ਵਾਸ ਦਿੱਤਾ| ਉਨ੍ਹਾਂ ਮੰਡੀ ਵਿੱਚੋਂ ਬਾਰਸ਼ਾਂ ਆਦਿ ਦੇ ਗੰਦੇ ਪਾਣੀ ਨੂੰ ਬਾਹਰ ਕੱਢਣ ਲਈ ਪਾਣੀ ਵਾਲੇ ਪੰਪ ਹਮੇਸ਼ਾ ਚਾਲੂ ਹਾਲਤ ਵਿੱਚ ਰੱਖੇ ਜਾਣ ਦੀਆਂ ਵੀ ਹਦਾਇਤਾਂ ਕੀਤੀਆਂ|