ਪੱਤਰ ਪ੍ਰੇਰਕ
ਪਠਾਨਕੋਟ, 7 ਜੁਲਾਈ
ਦੇਸ਼ ਨੂੰ ਆਜ਼ਾਦ ਹੋਏ 75 ਸਾਲ ਬੀਤ ਚੁੱਕੇ ਹਨ ਪਰ ਸਰਹੱਦੀ ਖੇਤਰ ਦੇ ਲੋਕਾਂ ਨੂੰ ਜਰਜ਼ਰ ਹਾਲਤ ਦੀਆਂ ਲਿੰਕ ਸੜਕਾਂ ਤੋਂ ਛੁਟਕਾਰਾ ਨਹੀਂ ਮਿਲ ਸਕਿਆ। ਮਾਮੂਲੀ ਜਿਹੀ ਬਾਰਸ਼ ਹੋਣ ’ਤੇ ਸਰਹੱਦੀ ਖੇਤਰ ਦੀਆਂ ਕਈ ਲਿੰਕ ਸੜਕਾਂ ਤਲਾਬ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤਰ ਦੇ ਵਾਸੀ ਯਸ਼ਪਾਲ, ਰਾਜੇਸ਼ ਕੁਮਾਰ, ਪਵਨ ਕੁਮਾਰ, ਅਜੇ ਕੁਮਾਰ ਆਦਿ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਵੇਲੇ ਸਾਰੇ ਆਗੂਆਂ ਨੇ ਸਰਹੱਦੀ ਖੇਤਰ ਵਿੱਚ ਲਿੰਕ ਸੜਕਾਂ ਦਾ ਜਾਲ ਵਿਛਾਉਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਇਨ੍ਹਾਂ ਜਰਜ਼ਰ ਹੋ ਚੁੱਕੀਆਂ ਸੜਕਾਂ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਜਨਿਆਲ ਦੇ ਪਿੰਡ ਸਮਰਾਲਾ ਅਤੇ ਪਿੰਡ ਮੁੱਠੀ ਤੋਂ ਉਝ ਦਰਿਆ ਦੇ ਪੱਕੇ ਪੁਲ ਤੱਕ, ਪਿੰਡ ਮਾਨ ਸਿੰਘਪੁਰ ਤੋਂ ਅੰਤੋਰ ਨੂੰ ਜਾਂਦੀ ਸੜਕ, ਪਿੰਡ ਮਝੀਰੀ ਤੋਂ ਮਾਖਨਪੁਰ ਅਤੇ ਨਰੋਟ ਜੈਮਲ ਸਿੰਘ ਬੱਸ ਸਟੈਂਡ ਤੋਂ ਸਰਕਾਰੀ ਹਸਪਤਾਲ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਆਪਣੀ ਮੰਦੀ ਹਾਲਤ ਨੂੰ ਬਿਆਨਦੀਆਂ ਹਨ। ਇਨ੍ਹਾਂ ਸੜਕਾਂ ਦਾ ਹਾਲ ਇਹ ਹੋ ਚੁੱਕਾ ਹੈ ਕਿ ਇਨ੍ਹਾਂ ਤੋਂ ਲੰਘਣਾ ਜੋਖ਼ਮ ਭਰਿਆ ਕਾਰਜ ਬਣ ਚੁੱਕਾ ਹੈ। ਜਗ੍ਹਾ-ਜਗ੍ਹਾ ਟੋਏ ਪੈ ਚੁੱਕੇ ਹਨ ਅਤੇ ਟੋਇਆਂ ਵਿੱਚ ਬਰਸਾਤ ਦਾ ਪਾਣੀ ਭਰ ਜਾਂਦਾ ਹੈ, ਜਿਸ ਨਾਲ ਦੁਰਘਟਨਾਵਾਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਜਰਜ਼ਰ ਹੋ ਚੁੱਕੀਆਂ ਸੜਕਾਂ ਦੀ ਹਾਲਤ ਸੁਧਾਰੀ ਜਾਵੇ।