ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 18 ਅਪਰੈਲ
ਇੱਥੋਂ ਨਜ਼ਦੀਕੀ ਮਾਨਾਂਵਾਲਾ ਓਟ ਸੈਂਟਰ ਵਿੱਚ ਬੀਤੇ ਸੱਤ ਦਿਨਾਂ ਤੋਂ ਨਸ਼ਾ ਛੁਡਾਊ ਦਵਾਈ ਨਾ ਮਿਲਣ ’ਤੇ ਮਰੀਜ਼ਾਂ ਨੇ ਅੱਜ ਹੰਗਾਮਾ ਕੀਤਾ ਅਤੇ ਹਸਪਤਾਲ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੌਕੇ ’ਤੇ ਪੁਲੀਸ ਨੇ ਆ ਕੇ ਸਥਿਤੀ ਸੰਭਾਲੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਨਾਂਵਾਲਾ ਓਟ ਸੈਂਟਰ ਵਿਚ ਨਸ਼ਾ ਛੁਡਾਊ ਦਵਾਈ ਲੈਣ ਆਏ ਮਰੀਜ਼ ਸੁਖਦੇਵ ਸਿੰਘ ਬੰਡਾਲਾ, ਕੁਲਦੀਪ ਸਿੰਘ ਖਲਚੀਆਂ, ਰਾਜਬੀਰ ਸਿੰਘ ਅਤੇ ਹੋਰ ਬਹੁਤ ਸਾਰੇ ਮਰੀਜ਼ਾਂ ਜੋ ਮਜ਼ਦੂਰ ਵਰਗ ਨਾਲ ਸਬੰਧ ਰੱਖਦੇ ਹਨ ਨੇ ਕਿਹਾ ਉਹ ਇੱਥੇ ਨਸ਼ਾ ਛੁਡਾਉਣ ਲਈ ਦਵਾਈ ਲੈਣ ਆਉਂਦੇ ਹਨ। ਇੱਥੇ ਦਵਾਈ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਹਸਪਤਾਲ ਦੇ ਕੁਝ ਲੋਕਾਂ ਉੱਤੇ ਦੋਸ਼ ਵੀ ਲਗਾਏ ਕਿ ਉਹ ਓਟ ਸੈਂਟਰ ਦੀ ਦਵਾਈ ਬਾਹਰ ਵੇਚ ਦਿੰਦੇ ਹਨ। ਜਦੋਂ ਕਿ ਦਵਾਈ ਲੈਣ ਆਏ ਮਰੀਜ਼ ਇਸ ਦਵਾਈ ਤੋਂ ਵਾਂਝੇ ਰਹਿ ਜਾਂਦੇ ਹਨ। ਇਨ੍ਹਾਂ ਮਰੀਜ਼ਾਂ ਵੱਲੋਂ ਮੌਕੇ ’ਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਮਰੀਜ਼ਾਂ ਤੇ ਉਨ੍ਹਾਂ ਦੇ ਸਕੇ ਸਬੰਧੀਆਂ ਨੇ ਕਿਹਾ ਕਿ ਦਵਾਈ ਪੂਰੀ ਮਿਕਦਾਰ ਵਿੱਚ ਨਾ ਮਿਲਣ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਮੌਕੇ ’ਤੇ ਹਾਲਾਤ ਵਿਗੜਦੇ ਵੇਖ ਐੱਸਐੱਚਓ ਚਾਟੀਵਿੰਡ ਸਬ ਇੰਸਪੈਕਟਰ ਮਨਮੀਤਪਾਲ ਸਿੰਘ ਪਹੁੰਚੇ ਅਤੇ ਮਰੀਜ਼ਾਂ ਨੂੰ ਸਮਝਾ ਕੇ ਸਥਿਤੀ ਨੂੰ ਸੰਭਾਲਿਆ। ਐੱਸਐੱਚਓ ਨੇ ਮਰੀਜ਼ਾਂ ਨੂੰ ਵਿਸ਼ਵਾਸ ਦਿੱਤਾ ਕਿ ਜਲਦ ਹੀ ਉਨ੍ਹਾਂ ਨੂੰ ਇਹ ਦਵਾਈ ਉਪਲਬਧ ਕਰਵਾ ਦਿੱਤੀ ਜਾਵੇਗੀ।
ਦਵਾਈ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਹੈ: ਐੱਸਐੱਮਓ
ਇਸ ਸਬੰਧੀ ਐੱਸਐੱਮਓ ਡਾ. ਸੁਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਓਟ ਸੈਂਟਰ ਵਿੱਚ ਹਰ ਰੋਜ਼ 400 ਦੇ ਕਰੀਬ ਮਰੀਜ਼ ਦਵਾਈ ਲੈਣ ਆਉਂਦੇ ਹਨ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀ ਗੋਲੀਆਂ ਦੀ ਮਾਤਰਾ ਉਨ੍ਹਾਂ ਦੇ ਹਾਲਾਤ ਅਨੁਸਾਰ ਦੋ ਜਾਂ ਤਿੰਨ ਦੀ ਮਾਤਰਾ ਵਿੱਚ ਦਿੱਤੀ ਜਾਂਦੀ ਹੈ। ਅੱਜ ਵੀ ਉਨ੍ਹਾਂ ਨੇ ਇੱਕ ਹਜ਼ਾਰ ਗੋਲੀਆਂ ਦਾ ਪ੍ਰਬੰਧ ਕਰਕੇ ਮਰੀਜ਼ਾਂ ਨੂੰ ਵੰਡ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਬਾਕੀ ਹੋਰ ਦਵਾਈ ਦੀਆਂ ਗੋਲੀਆਂ ਦੀ ਮਾਤਰਾ ਮੰਗਵਾਉਣ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ, ਜੋ ਜਲਦੀ ਹੀ ਆ ਜਾਣਗੀਆਂ।