ਪੱਤਰ ਪ੍ਰੇਰਕ
ਪਠਾਨਕੋਟ, 29 ਜੁਲਾਈ
ਸਵੱਛ ਭਾਰਤ ਸਫਾਈ ਮਜ਼ਦੂਰ ਯੂਨੀਅਨ ਅਤੇ ਜ਼ਿਲ੍ਹਾ ਮਿਉਂਸਿਪਲ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਮਨੋਜ ਭੱਟੀ, ਰਮਨ ਕੁਮਾਰ, ਰਾਜ ਕੁਮਾਰ, ਬੇਬੀ ਰਾਮ, ਬਿਕਰਮ, ਕਾਮਰੇਡ ਕੇਵਲ ਤੇ ਹਰਬੰਸ ਲਾਲ ਆਦਿ ਹਾਜ਼ਰ ਸਨ। ਪ੍ਰਧਾਨ ਰਮੇਸ਼ ਕੁਮਾਰ ਪੱਪੂ ਨੇ ਮੰਗ ਕੀਤੀ ਕਿ ਨਗਰ ਨਿਗਮ ਦੇ ਅੰਦਰ ਜੋ ਮੁਲਾਜ਼ਮ ਆਊਟਸੋਰਸ ਦੇ ਆਧਾਰ ’ਤੇ ਕੰਮ ਕਰ ਰਹੇ ਹਨ, ਨੂੰ ਪੱਕਾ ਕੀਤਾ ਜਾਵੇ ਤੇ ਠੇਕੇਦਾਰੀ ਪ੍ਰਥਾ ਨੂੰ ਬੰਦ ਕੀਤਾ ਜਾਵੇ, ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਸਕੀਮ ਬਹਾਲ ਕੀਤੀ ਜਾਵੇ ਅਤੇ ਸਫਾਈ ਸੇਵਕਾਂ ਨੂੰ ਕੰਮ ਕਰਨ ਦੌਰਾਨ ਆਈ ਕਵਰ, ਲੰਬੇ ਬੂਟ, ਆਕਸੀਜਨ ਮਾਸਕ ਜਿਹੀਆਂ ਜ਼ਰੂਰਤ ਦੀਆਂ ਚੀਜ਼ਾਂ ਨੂੰ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦਾ ਐਕਸ਼ਨ ਪੰਜਾਬ ਸਰਕਾਰ ਨੂੰ ਜਗਾਉਣ ਲਈ ਕੀਤਾ ਗਿਆ ਹੈ ਅਤੇ ਜੇਕਰ ਫਿਰ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 6 ਅਗਸਤ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਤਰਨ ਤਾਰਨ (ਪੱਤਰ ਪ੍ਰੇਰਕ): ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵੱਲੋਂ ਅੱਜ ਇੱਥੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੈਲੀ ਕੀਤੀ| ਸਫ਼ਾਈ ਸੇਵਕਾਂ ਨੇ ਆਪਣੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਧਾਰਨ ਕੀਤੇ ਵਤੀਰੇ ਖਿਲਾਫ਼ ਰੋਸ ਜ਼ਾਹਰ ਕਰਦਿਆਂ ਸਰਕਾਰ ਦੀ ਅਰਥੀ ਵੀ ਸਾੜੀ|
ਸਫਾਈ ਸੇਵਕਾਂ ਦੇ ਅੰਦੋਲਨ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਦੋਬਲੀਆ ਨੇ ਵੀ ਸਮਰਥਨ ਕੀਤਾ| ਇਸ ਮੌਕੇ ਸਫਾਈ ਸੇਵਕਾਂ ਦੇ ਸੂਬਾ ਆਗੂ ਰਮੇਸ਼ ਕੁਮਾਰ ਸ਼ੇਰਗਿੱਲ, ਦਵਿੰਦਰ ਸਿੰਘ, ਦਿਲਬਾਗ ਸਿੰਘ, ਸੁਖਵਿੰਦਰਜੀਤ ਸਿੰਘ, ਅਜੀਤ ਸਿੰਘ, ਧਰਮ ਸਿੰਘ ,ਬਲਵਿੰਦਰ ਸਿੰਘ, ਜੱਜਪਾਲ ਸਿੰਘ ਸਿੰਘ, ਭੋਲੀ, ਜਗੀਰ ਕੌਰ, ਗੁਰਨਾਮ ਕੌਰ ਨੇ ਵੀ ਸੰਬੋਧਨ ਕੀਤਾ|
ਹਸਪਤਾਲ ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਹੜਤਾਲ
ਪਠਾਨਕੋਟ (ਪੱਤਰ ਪ੍ਰੇਰਕ): ਸਿਵਲ ਹਸਪਤਾਲ ਵਿੱਚ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਆਊਟਸੋਰਸ ਸਟਾਫ ਵੱਲੋਂ ਸਵੇਰੇ 2 ਘੰਟੇ ਤੱਕ ਹੜਤਾਲ ਕੀਤੀ ਗਈ ਅਤੇ ਹਸਪਤਾਲ ਦਾ ਪੂਰਾ ਕੰਮਕਾਜ ਠੱਪ ਕਰ ਦਿੱਤਾ ਗਿਆ। ਇਸ ਦੇ ਇਲਾਵਾ ਪਿਛਲੇ ਕਈ ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਸਫਾਈ ਮੁਲਾਜ਼ਮਾਂ ਨੇ ਵੀ 2 ਘੰਟੇ ਹੜਤਾਲ ਕੀਤੀ। ਕਾਰਜਕਾਰੀ ਐੱਸਐੱਮਓ ਡਾ. ਸੁਨੀਲ ਚੰਦ ਵੱਲੋਂ ਤਨਖਾਹ ਦਿਵਾਉਣ ਦਾ ਭਰੋਸਾ ਦੇਣ ਬਾਅਦ ਹੀ ਹੜਤਾਲ ਨੂੰ ਸਮਾਪਤ ਕੀਤਾ ਗਿਆ।