ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 27 ਅਗਸਤ
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਅਮੈਨੂਅਲ ਨਾਹਰ ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆਵਾਂ ਸੁਣਨ ਲਈ ਸਥਾਨਕ ਸੇਂਟ ਜੋਸਫ ਕੈਥੋਲਿਕ ਚਰਚ ਵਿੱਚ ਪਹੁੰਚੇ। ਇਸ ਮੌਕੇ ਪ੍ਰੋ. ਨਾਹਰ ਨੇ ਭਰੋਸਾ ਦਿੱਤਾ ਹੈ ਕਿ ਕਮਿਸ਼ਨ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਘੱਟ ਗਿਣਤੀ ਭਾਈਚਾਰੇ ਦੇ ਹਿੱਤਾਂ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ। ਪ੍ਰੋ. ਨਾਹਰ ਨੇ ਸਭ ਤੋਂ ਪਹਿਲਾਂ ਮਾਲ ਵਿਭਾਗ, ਪੁਲੀਸ ਵਿਭਾਗ, ਭਲਾਈ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮਸੀਹ ਭਾਈਚਾਰੇ ਨਾਲ ਸਬੰਧਿਤ ਵੱਖ-ਵੱਖ ਸ਼ਿਕਾਇਤਾਂ ਬਾਰੇ ਜ਼ਿਲ੍ਹਾ ਅਧਿਕਾਰੀਆਂ ਕੋਲੋਂ ਕਾਰਵਾਈ ਰਿਪੋਰਟ ਹਾਸਲ ਕੀਤੀ।
ਮੀਟਿੰਗ ਦੌਰਾਨ ਮਸੀਹ ਭਾਈਚਾਰੇ ਦੇ ਆਗੂਆਂ ਵੱਲੋਂ ਕੁਝ ਪਿੰਡਾਂ ਵਿੱਚ ਕਬਰਸਤਾਨ ਨਾ ਹੋਣ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਮਸਲਾ ਵੀ ਉਠਾਇਆ ਗਿਆ। ਇਸ ਉੱਤੇ ਕਾਰਵਾਈ ਕਰਦਿਆਂ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿੱਥੇ ਵੀ ਈਸਾਈ ਜਾਂ ਮੁਸਲਿਮ ਆਬਾਦੀ ਹੈ, ਉੱਥੇ ਪਹਿਲ ਦੇ ਅਧਾਰ ’ਤੇ ਕਬਰਸਤਾਨਾਂ ਲਈ ਜਗ੍ਹਾ ਮੁਹੱਈਆ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਘੱਟ ਗਿਣਤੀ ਭਾਈਚਾਰੇ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਕਮਿਸ਼ਨ ਨਾਲ ਰਾਬਤਾ ਕਰ ਸਕਦੇ ਹਨ। ਇਸ ਤੋਂ ਬਾਅਦ ਚੇਅਰਮੈਨ ਪ੍ਰੋ. ਨਾਹਰ ਨੇ ਰਾਜ ਭਰ ਵਿੱਚੋਂ ਪਹੁੰਚੇ ਮਸੀਹ ਭਾਈਚਾਰੇ ਦੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਖੁੱਲ੍ਹੀਆਂ ਵਿਚਾਰਾਂ ਕੀਤੀਆਂ।
ਇਸ ਮੌਕੇ ਫਾਦਰ ਵਿਲੀਅਮ ਸਹੋਤਾ, ਪਾਸਟਰ ਰਾਹੁਲ ਪਠਾਨਕੋਟ, ਜੌਹਨ ਪੀਟਰ ਬਟਾਲਾ, ਸੁਰਜੀਤ ਥਾਪਰ ਨਕੋਦਰ, ਕਮਲ ਖੋਖਰ, ਰੌਸ਼ਨ ਜੌਸਫ਼, ਡੈਨੀਅਨ ਥੋਬਾ, ਯੂਨਸ ਮਸੀਹ, ਆਰਿਫ਼ ਚੌਹਾਨ ਰਾਏਚੱਕ, ਮਿੰਟੀ ਡੀਨ ਪਠਾਨਕੋਟ, ਵਲਾਇਤ ਮਸੀਹ, ਲੂਕਸ, ਕਮਲ ਬਿਨ ਸ਼ਾਨ, ਤਰਸੇਮ ਸਹੋਤਾ, ਡੈਨੀਅਲ ਬੀ ਦਾਸ, ਪੀਟਰ ਚੀਦਾ, ਹਰਮੀਤ ਮਸੀਹ, ਪਾਲ ਸੰਧੂ ਤੇ ਵਿਲੀਅਮ ਹੀਰੋ ਧਾਰੀਵਾਲ ਸਮੇਤ ਹੋਰ ਵੀ ਮਸੀਹ ਆਗੂ ਹਾਜ਼ਰ ਸਨ।