ਮਕਬੂਲ ਅਹਿਮਦ
ਕਾਦੀਆਂ, 11 ਅਕਤੂਬਰ
ਇੱਥੋਂ ਨੇੜਲੇ ਪਿੰਡ ਭਾਮੜੀ ਤੋਂ ਨਾਬਾਲਗ਼ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਮਾਮਲੇ ਦਾ ਮਹਿਲਾ ਕਮਿਸ਼ਨ ਪੰਜਾਬ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਕੌਂਸਲਰ ਬਬੀਤਾ ਖੋਸਲਾ ਨੇ ਨੋਟਿਸ ਲੈਂਦਿਆਂ ਪੁਲੀਸ ਪ੍ਰਸ਼ਾਸਨ ਨੂੰ ਦੋ ਦਿਨਾਂ ਦੇ ਅੰਦਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਲੜਕੀ ਨੂੰ ਬਰਾਮਦ ਕੀਤੇ ਜਾਣ ਲਈ ਕਿਹਾ ਹੈ। ਸ੍ਰੀਮਤੀ ਖੋਸਲਾ ਨੇ ਦੱਸਿਆ ਕਿ ਉਨ੍ਹਾਂ ਕੋਲ ਕੰਵਲਜੀਤ ਕੌਰ ਪਤਨੀ ਤਰਸੇਮ ਸਿੰਘ ਵਾਸੀ ਭਾਮੜੀ ਆਈ ਸੀ ਤੇ ਦੱਸਿਆ ਕਿ ਉਸ ਦੀ ਸਾਢੇ ਸੋਲ੍ਹਾਂ ਸਾਲਾ ਧੀ ਨੂੰ ਸਾਜਨ ਸਿੰਘ ਵਾਸੀ ਮਾੜੀ ਬੁਚਿਆਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਭਜਾ ਕੇ ਲੈ ਗਿਆ ਹੈ। ਕਥਿਤ ਮੁਲਜ਼ਮਾਂ ਖ਼ਿਲਾਫ਼ ਥਾਣਾ ਸ੍ਰੀ ਹਰਗੋਬਿੰਦਪੁਰ ਪੁਲੀਸ ਵੱਲੋਂ ਕੇਸ ਦਰਜ ਹੋਣ ਦੇ ਬਾਵਜੂਦ 12 ਦਿਨ ਹੋ ਗਏ ਹਨ ਅਤੇ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਸਬੰਧੀ ਉਨ੍ਹਾਂ ਤੁਰੰਤ ਪੁਲੀਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਦੋ ਦਿਨ ਦੇ ਅੰਦਰ ਅੰਦਰ ਲੜਕੀ ਬਰਾਮਦ ਕਰਕੇ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਪੁਲੀਸ ਅਧਿਕਾਰੀਆਂ ਨੇ ਕਿਹਾ ਹੈ ਕਿ ਪੁਲੀਸ ਮੁਲਜ਼ਮਾਂ ਨੂੰ ਫ਼ੜਨ ਲਈ ਛਾਪੇ ਮਾਰ ਰਹੀ ਹੈ ਅਤੇ ਅਜੇ ਤੱਕ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲੀਸ ਨੇ ਭਰੋਸਾ ਦਿੱਤਾ ਕਿ ਜੋ ਵੀ ਮੁਲਜ਼ਮ ਹੋਣਗੇ ਉਨ੍ਹਾਂ ਨੂੰ ਬਖ਼ਸ਼ੀਆ ਨਹੀਂ ਜਾਵੇਗਾ।