ਪੱਤਰ ਪ੍ਰੇਰਕ
ਅਜਨਾਲਾ, 29 ਸਤੰਬਰ
ਤਹਿਸੀਲ ਅਜਨਾਲਾ ਵਿੱਚ ਖੁਰਾਕ ਸਪਲਾਈ ਵਿਭਾਗ ਵੱਲੋਂ ਡਿਪੂਆਂ ਰਾਹੀਂ ਲੋਕਾਂ ਨੂੰ ਮਿਲਦੀ ਕਣਕ ਦੀ ਸਹੀ ਤੇ ਨਿਰਪੱਖ ਵੰਡ ਨਾ ਹੋਣ ਦੇ ਰੋਸ ਵਜੋਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਸੂਬਾ ਸਰਕਾਰ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਾਰਟੀ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਕੁਲਵੰਤ ਸਿੰਘ ਮੱਲੂ ਨੰਗਲ, ਸ਼ੀਤਲ ਸਿੰਘ ਤਲਵੰਡੀ ਤੇ ਸੁਰਜੀਤ ਸਿੰਘ ਦੁਧਰਾਏ ਨੇ ਕਿਹਾ ਕਿ ਖੁਰਾਕ ਸਪਲਾਈ ਮਹਿਕਮੇ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਲਾਭਪਾਤਰੀਆਂ ਲਈ ਆਈ ਸਰਕਾਰੀ ਕਣਕ ਫੂਡ ਸਪਲਾਈ ਦੇ ਗੁਦਾਮਾਂ ਤੋਂ ਲੈ ਕੇ ਡਿੱਪੂ ਹੋਲਡਰਾਂ ਤੱਕ ਪਹੁੰਚਾਉਣ ’ਚ ਵੱਡੀ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਤਹਿਸੀਲ ਅਜਨਾਲਾ ਦੇ ਪਿੰਡ ਮੱਲੂ ਨੰਗਲ ਦੀ ਹੈ, ਜਿਥੇ 100 ਦੇ ਕਰੀਬ ਕੱਟੀਆਂ ਹੋਈਆਂ ਪਰਚੀਆਂ ’ਤੇ ਹੁਣ ਤੱਕ ਕੋਈ ਕਣਕ ਨਹੀਂ ਦਿੱਤੀ ਗਈ, ਜਿਸ ਤੋਂ ਸਾਫ ਜ਼ਾਹਰ ਹੈ ਕਿ ਅਧਿਕਾਰੀਆਂ ਵੱਲੋਂ ਕਰੀਬ 300 ਕੁਇੰਟਲ ਕਣਕ ਹੜੱਪ ਲਈ ਗਈ ਹੈ। ਇਸ ਮੌਕੇ ਪਾਰਟੀ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਤਹਿਸੀਲ ਅਜਨਾਲਾ ’ਚ ਡਿੱਪੂ ਦੀ ਕਣਕ ਵੰਡ ਸਬੰਧੀ ਨਿਰਪੱਖ ਜਾਂਚ ਕਰ ਕੇ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਬਣਦਾ ਸਹੀ ਹੱਕ ਨਾ ਦਿੱਤਾ ਗਿਆ ਤਾਂ 7 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਸਮੇਂ ਸੰਤੋਖ ਸਿੰਘ ਮੱਲੂ ਨੰਗਲ, ਪਰਮਿੰਦਰ ਸਿੰਘ ਦੁਧਰਾਏ, ਹਰਨੇਕ ਸਿੰਘ ਨੇਪਾਲ ਅਤੇ ਹਰਜਿੰਦਰ ਸਿੰਘ ਤਲਵੰਡੀ ਆਦਿ ਹਾਜ਼ਰ ਸਨ।