ਭਿੱਖੀਵਿੰਡ (ਨਰਿੰਦਰ ਸਿੰਘ): ਸ਼ਾਹਬਾਜ਼ਪੁਰ ਦੇ ਨੇੜਲੇ ਪਿੰਡ ਬੇਗੇਪੁਰ ਅੱਡਾ ਬੇਰੀ ਵਾਲਾ ਵਿੱਚ ਤਰਨ ਤਾਰਨ-ਦਿਆਲਪੁਰ ਸੜਕ ’ਤੇ ਹੋਏ ਹਾਦਸੇ ਦੌਰਾਨ ਕਾਰ ਚਾਲਕ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਵਿਅਕਤੀ ਜ਼ਖਮੀ ਹੋ ਗਏ। ਹਾਦਸੇ ਵਾਲੀ ਥਾਂ ’ਤੇ ਪਹੁੰਚੇ ਥਾਣਾ ਕੱਚਾ ਪੱਕਾ ਵਿੱਚ ਤਾਇਨਾਤ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ (35) ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਫਤਹਿਪੁਰ ਸੁੱਗਾ ਘਰੋਂ ਕਿਸੇ ਕੰਮ ਲਈ ਆਪਣੀ ਜ਼ੈੱਨ ਕਾਰ ’ਤੇ ਤਰਨ ਤਾਰਨ ਜਾ ਰਿਹਾ ਸੀ। ਸੰਤੁਲਨ ਵਿਗੜਨ ਕਾਰਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਕਾਰ ਚਾਲਕ ਗਗਨਦੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਸੜਕ ਦੇ ਕੰਢੇ ਖੜ੍ਹੇ ਜਥੇਦਾਰ ਬਾਬਾ ਦਰਸ਼ਨ ਸਿੰਘ ਵਾਸੀ ਸ਼ਾਹਬਾਜ਼ਪੁਰ, ਗੁਰਵਿੰਦਰ ਸਿੰਘ, ਨਿਰਵੈਲ ਸਿੰਘ ਵਾਸੀ ਬੇਗੇਪੁਰ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜ ਦਿੱਤਾ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।