ਹਰਜੀਤ ਸਿੰਘ ਪਰਮਾਰ
ਬਟਾਲਾ, 9 ਜੂਨ
ਬਟਾਲਾ ਰੋਡਵੇਜ਼ ਬੱਸ ਡਿਪੂ ਵਿੱਚ ਕੱਚੇ ਮੁਲਾਜ਼ਮ ਦੇ ਤੌਰ ’ਤੇ ਕੰਮ ਕਰਦੇ ਇੱਕ ਬੱਸ ਚਾਲਕ ’ਤੇ ਡੀਜ਼ਲ ਚੋਰੀ ਕਰਨ ਦੇ ਕਥਿਤ ਦੋਸ਼ ਲੱਗੇ ਤਾਂ ਉਹ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਦੇ ਅੰਦਰ ਬਣੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਉਸ ਨੂੰ ਜਬਰਦਸਤੀ ਟੈਂਕੀ ਤੋਂ ਲਾਹੁਣ ਦੀ ਕੋਸ਼ਿਸ਼ ਕਰਨ ’ਤੇ ਉਸ ਨੇ ਉੱਚ ਅਧਿਕਾਰੀਆਂ ਨੂੰ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ। ਅੱਜ ਤਿੱਖੀ ਧੁੱਪ ਵਿੱਚ ਸਿਖਰ ਦੁਪਹਿਰੇ ਟੈਂਕੀ ’ਤੇ ਚੜ੍ਹਿਆ ਬੱਸ ਚਾਲਕ ਦਲਜੀਤ ਸਿੰਘ ਮੁਲਾਜ਼ਮ ਯੂਨੀਅਨ ਦੇ ਆਗੂਆਂ ਤੇ ਰੋਡਵੇਜ਼ ਦੇ ਉੱਚ ਅਧਿਕਾਰੀਆਂ ਵੱਲੋਂ ਡਿਊਟੀ ਤੋਂ ਨਾ ਹਟਾਉਣ ਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੇ ਭਰੋਸੇ ਮਗਰੋਂ ਕਰੀਬ ਤਿੰਨ ਘੰਟੇ ਬਾਅਦ ਟੈਂਕੀ ਤੋਂ ਹੇਠਾਂ ਉਤਰਿਆ। ਇਸ ਸਬੰਧੀ ਪਨਬੱਸ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਦਲਜੀਤ ਸਿੰਘ ਆਊਟ ਸੋਰਸਿਜ਼ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਲਜੀਤ ਸਿੰਘ ਕੱਲ੍ਹ ਬੱਸ ਲੈ ਕੇ ਗਿਆ ਤੇ ਰਾਤ ਨੂੰ ਜਦੋਂ ਉਹ ਬੱਸ ਲੈ ਕੇ ਵਾਪਸ ਆਇਆ ਤਾਂ ਉਸ ’ਤੇ ਬੱਸ ਦਾ ਡੀਜ਼ਲ ਚੋਰੀ ਕਰਨ ਦੇ ਦੋਸ਼ ਲਾਏ ਗਏ ਜਦੋਂਕਿ ਨਵੀਆਂ ਬੱਸਾਂ ’ਚ ਅਜਿਹੀ ਤਕਨੀਕ ਹੈ ਕਿ ਉਸ ਦਾ ਡੀਜ਼ਲ ਚੋਰੀ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ ਬੱਸ ਚਾਲਕ ਦਲਜੀਤ ਸਿੰਘ ਇਨਸਾਫ਼ ਲੈਣ ਲਈ ਟੈਂਕੀ ’ਤੇ ਚੜ੍ਹ ਗਿਆ।
ਬੱਸ ਡਰਾਈਵਰ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਖ਼ਿਲਾਫ਼ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਉਸ ਨੇ ਦੱਸਿਆ ਕਿ ਉਸ ਨੇ ਇਨਸਾਫ ਲੈਣ ਲਈ ਇਹ ਕਦਮ ਚੁੱਕਿਆ ਹੈ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਨਸਾਫ ਦੇਣ ਦੇ ਦਿੱਤੇ ਗਏ ਭਰੋਸੇ ਮਗਰੋਂ ਉਹ ਹੇਠਾਂ ਉਤਰਿਆ ਹੈ। ਉਸ ਨੇ ਚਿਤਾਵਨੀ ਦਿੱਤੀ ਕਿ ਜੇ ਉਸ ਨੂੰ ਡਿਊਟੀ ’ਤੇ ਨਾ ਰੱਖਿਆ ਗਿਆ ਤਾਂ ਉਹ ਕੋਈ ਹੋਰ ਕਦਮ ਚੁੱਕਣ ਲਈ ਮਜ਼ਬੂਰ ਹੋਵੇਗਾ। ਇਸ ਸਬੰਧੀ ਪੰਜਾਬ ਰੋਡਵੇਜ਼ ਡਿਪੂ ਬਟਾਲਾ ਦੇ ਜਨਰਲ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਇੱਕ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਜਾਂਚ ਦੌਰਾਨ ਬੱਸ ਚਾਲਕ ਵੱਲੋਂ ਡੀਜ਼ਲ ਚੋਰੀ ਕਰਨ ਦੀ ਗੱਲ ਸਾਹਮਣੇ ਆਈ ਸੀ ਤੇ ਇਸ ਦੀ ਰਿਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਪੁਲੀਸ ਨੂੰ ਭੇਜੀ ਹੈ। ਉਨ੍ਹਾਂ ਕਿਹਾ ਕਿ ਜੇ ਉਹ ਬੇਕਸੂਰ ਹੈ ਤਾਂ ਉਹ ਲਿਖਤੀ ਦਰਖਾਸਤ ਦੇ ਕੇ ਜਾਂਚ ਕਰਵਾ ਸਕਦਾ ਹੈ ਪਰ ਉਹ ਅਜਿਹਾ ਕਰਨ ਦੀ ਬਜਾਏ ਟੈਂਕੀ ’ਤੇ ਚੜ੍ਹ ਗਿਆ। ਜੀਐੱਮ ਨੇ ਦੱਸਿਆ ਕਿ ਇਸ ਡਰਾਈਵਰ ਨੂੰ ਫਿੱਲਹਾਲ ਮੁਅੱਤਲ ਨਹੀਂ ਕੀਤਾ ਜਾ ਰਿਹਾ ਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ।
ਨਾਜਾਇਜ਼ ਕੇਸ ਤੋਂ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ
ਚੇਤਨਪੁਰਾ (ਪੱਤਰ ਪ੍ਰੇਰਕ) ਪਿਛਲੇ ਦਿਨੀਂ ਪਿੰਡ ਵਿਛੋਆ ਥਾਣਾ ਝੰਡੇਰ, ’ਚ ਗੋਲੀ ਚੱਲਣ ਸਬੰਧੀ ਥਾਣਾ ਝੰਡੇਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਸੀ ਜਿਸ ਸਬੰਧੀ ਪੀੜਤ ਪਰਿਵਾਰ ਨੇ ਪੁਲੀਸ ’ਤੇ ਨਾਜਾਇਜ਼ ਕੇਸ ਦਰਜ ਕਰਨ ਦਾ ਦੋਸ਼ ਲਾਉਂਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ। ਅੱਜ ਭਾਜਪਾ ਕਾਰਜਕਾਰਨੀ ਦੀ ਮੈਂਬਰ ਡਾ ਸੁਰਿੰਦਰ ਕੰਵਲ ਦੀ ਹਾਜ਼ਰੀ ’ਚ ਪੁਲੀਸ ਤੇ ਪੰਜਾਬ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ ਗਈ। ਪੰਜਾਬ ਭਾਜਪਾ ਬੁਲਾਰਾ ਤੇ ਮੈਂਬਰ ਪੰਜਾਬ ਕਾਰਜਕਾਰਨੀ ਡਾ. ਸੁਰਿੰਦਰ ਕੰਵਲ ਨੇ ਪੀੜਤ ਪਰਿਵਾਰ ਨਾਲ ਖੜ੍ਹਦਿਆ ਖੁਲਾਸਾ ਕੀਤਾ ਕਿ ਪੰਜਾਬ ਦੇ ਲੋਕ ਅੱਜ ਬਦਲਾਅ ਲਿਆ ਕੇ ਆਪਣੇ ਪੁੱਤਰਾਂ ’ਤੇ ਹੋ ਰਹੇ ਨਾਜਾਇਜ਼ ਕੇਸਾਂ ਨਾਲ ਭੁਗਤ ਰਹੇ ਹਨ। ਇਸ ਮੌਕੇ ਚਨਪ੍ਰੀਤ ਸੋਹਲ,ਬੀਬੀ ਗੁਰਦੀਪ ਕੌਰ, ਤੇ ਪਾਰਟੀ ਵਰਕਰ ਹਾਜ਼ਰ ਸਨ।